ਏਂਗਲਜ ਰਚਿਤ ‘ਵਾਨਰ (Ape) ਤੋਂ ਮਨੁੱਖ (Man) ਤੱਕ ‘ਕਿਰਤ’ ਵੱਲੋਂ ਨਿਭਾਈ ਗਈ ਭੂਮਿਕਾ’ ਇਤਿਹਾਸਕ-ਪਦਾਰਥਵਾਦ ਦੀ ਕੂੰਜੀ – ਵਰਿੰਦਰ *

ਏਂਗਲਜ ਦੀ ਇਹ ਮਹਾਨ ਰਚਨਾ, ਮਨੁੱਖ ਅਤੇ ਮਨੁੱਖੀ ਸਮਾਜ ਦੀ ਉੱਤਪਤੀ ਦੀ ਸਿਧਾਂਤਕ ਸਮਝ ਦੇ ਬੁਨਿਆਦੀ ਰੂਪ ਵਿੱਚ ਏਂਗਲਜ ਦੇ ਪਦਾਰਥਵਾਦੀ ਦ੍ਰਿਸ਼ਟੀਕੋਣ ਜਾਂ ਸਹੀ ਅਰਥਾਂ ਵਿੱਚ ਕਹਿਣਾ ਹੋਵੇ ਤਾਂ ਮਾਰਕਸਵਾਦ (ਪਦਾਰਥਵਾਦ ਵਿਰੋਧ-ਵਿਕਾਸੀ) ਦੇ ਦ੍ਰਿਸ਼ਟੀਕੋਣ ‘ਇਤਿਹਾਸਕ ਪਦਾਰਥਵਾਦ’ ਨੂੰ ਸਮਝਣ ਲਈ ਇੱਕ ਨਿੱਗਰ ਸਾਧਨ ਹੈ, ਜੋ ਖਾਸ ਤੌਰ ‘ਤੇ ਮਨੁੱਖ ਦੇ ਵਿਕਾਸ ਵਿੱਚ ਕਿਰਤ ਦੇ ਯੌਗਦਾਨ ਦਾ ਜਿਕਰ ਕਰਦਿਆਂ, ਵਾਨਰ (ape) ਦੀ ਮਨੁੱਖ ਵਿੱਚ ਤਬਦੀਲੀ ਦੀਆਂ ਕੁਦਰਤੀ ਹਾਲਤਾਂ ਬਾਰੇ ਦੱਸਦੀ ਹੈ। ਵਾਨਰ (ape) ਵਿੱਚ ਤਿੰਨ ਤਬਦੀਲੀਆਂ; ਸਿੱਧੀ ਤੋਰ, ਹੱਥ ਦਾ ਵਿਕਾਸ ਅਤੇ ਦਿਮਾਗ ਦਾ ਵਿਕਾਸ ਉਸਦੀ ਮਨੁੱਖ ਵਿੱਚ ਤਬਦੀਲੀ ਦੇ ਸਹਾਇਕ ਬਣੇ। ਕਿਰਤ ਦੀ ਉਤਪਤੀ, ਔਜਾਰਾਂ ਦਾ ਨਿਰਮਾਣ, ਸ਼ਿਕਾਰ ਦੀ ਪ੍ਰਕਿਰਿਆ ਅਤੇ ਅੱਗ ਦੀ ਵਰਤੋਂ ਮਨੁੱਖੀ ਵਿਕਾਸ ਦੇ ਪੜ੍ਹਾਅ ਵੀ ਬਣੇ ਅਤੇ ਮਨੁੱਖੀ ਵਿਕਾਸ ਦਾ ਸਾਧਨ ਵੀ ਬਣੇ। ਬੋਲੀ ਦੀ ਉੱਤਪਤੀ ਮਨੁੱਖੀ ਸਮਾਜ ਦੀ ਲੋੜ ਵਿੱਚੋਂ ਹੋਈ, ਜਿਸ ਲਈ ਮਨੁੱਖੀ ਸਰੀਰ ਦੀ ਖਾਸ ਬਨਾਵਟ ਜੋ ਕਿ ਪਹਿਲੇ ਵਿਕਾਸ ਦਾ ਸਿੱਟਾ ਸੀ, ਸਹਾਇਕ ਬਣੀ। ਇਸ ਬਾਰੇ ਉਪਰੋਕਤ ਰਚਨਾ ਵਿੱਚ ਸੰਖੇਪ ਵਰਨਣ ਕੀਤਾ ਮਿਲਦਾ ਹੈ। ਏਂਗਲਜ ਨੇ ਇਸ ਰਚਨਾ ਵਿੱਚ ਪੈਦਾਵਾਰ ਦੇ ਖਾਸ ਪੜਾਅ ਉੱਤੇ ਸਰਮਾਏਦਾਰੀ ਦਾ ਪੈਦਾ ਹੋਣਾ ਅਤੇ ਫਿਰ ਇਹਦਾ ਸਮਾਜ ਲਈ ਪਰਜੀਵੀ (parasite) ਬਣ ਜਾਣਾ ਬਾਰੇ ਦੱਸਦਿਆਂ ਇਹਦੇ ਅੰਤ ਅਤੇ ਨਵੇਂ ਸਮਾਜ ਵਿੱਚ ਤਬਦੀਲੀ ਬਾਰੇ ਵੀ ਜਿਕਰ ਕੀਤਾ ਹੈ। ਇਸ ਕਿਰਤ ਵਿੱਚ ਵਿਕਸਿਤ ਹੋਈ ਸਮੱਗਰੀ ਨੂੰ ਏਂਗਲਜ ਦੀ ਇੱਕ ਹੋਰ ਮਹਾਨ ਰਚਨਾ ‘ਟੱਬਰ, ਨਿੱਜੀ ਜਾਇਦਾਦ ਅਤੇ ਰਾਜ ਦਾ ਮੁੱਢ’ ਵਿੱਚ ਵੀ ਪ੍ਰਚੰਡ ਰੂਪ ਵਿੱਚ ਮਾਣਿਆ ਜਾ ਸਕਦਾ ਹੈ।