ਮੈਂ ਅਸਮਾਨਾਂ ਦੇ ਹਾਣ ਦੀ – ਦਿਕਸ਼ਾ*

ਜਿੰਦਗੀ ‘ਚ ਕੁੱਝ ਘਟਨਾਵਾਂ ਅਜਿਹੀਆਂ ਵਾਪਰਦੀਆਂ ਹਨ ਜਿਹੜੀਆਂ ਇਨਸਾਨ ਲਈ ਠੀਕ ਉਂਵੇਂ ਹੀ ਹੁੰਦੀਆਂ ਹਨ ਜਿਵੇਂ ਲੋਹੇ ਦਾ ਭੱਠੀ ‘ਚ ਤਪ ਕੇ ਮਜਬੂਤ ਹੋਰ ਮਜਬੂਤ ਹੋਣਾ ਹੁੰਦਾ ਹੈ। ਭਾਵੇਂ ਕਿ ਇਸ ਯਾਤਰਾ ਪਰਸੰਗ ਵਿੱਚ ਪੁਰਾਣੀਆਂ ਜਾਂ ਬਚਪਣ ਦੀਆਂ ਗੱਲਾਂ ਕਰਨੀਆਂ ਪੜ੍ਹਨ ਵਾਲੇ ਨੂੰ ਪਹਿਲੀ ਨਜਰੇ ਸ਼ਾਇਦ ਜਿਆਦਾ ਪਰਸੰਗਕ ਨਾ ਜਾਪਣ ਪਰ ਫਿਰ ਵੀ ਜਿਵੇਂ ਮੈਂ ਪਹਿਲਾਂ ਦੱਸਿਐ ਕਿ ਮਨੁੱਖ ਅਤੇ ਮਨੁੱਖੀ ਘਟਨਾਵਾਂ ਹਾਲਤਾਂ ਦੀ ਪੈਦਾਇਸ਼ ਹੁੰਦੀਆਂ ਹਨ ਤਾਂ ਕਿਸੇ ਵੀ ਹਾਲਾਤ ਦਾ ਮਨੁੱਖੀ ਜਿੰਦਗੀ ‘ਤੇ ਪ੍ਰਭਾਵ ਨੂੰ ਮਨਫੀ ਨਹੀਂ ਕਿਤਾ ਜਾ ਸਕਦਾ। ਇਸ ਤਰ੍ਹਾਂ ਮੇਰਾ ਵੀ ਬਚਪਨ ਦੇ ਡਰਪੋਕ ਜਿਹੇ ਅਤੇ ਆਪਣੇ ਆਪ ‘ਚ ਗੁਆਚੇ ਸੁਭਾਅ ਵਾਲੀ ਕੁੜੀ ਤੋਂ ਨਿਡਰ ਅਤੇ ਵੱਡੇ ਹੌਸਲੇਂ ਵਾਲੀ ਕੁੜੀ ‘ਚ ਬਦਲ ਜਾਣਾ ਵੀ ਬਾਹਰਮੁੱਖੀ ਹਾਲਤਾਂ ਦਾ ਸਿੱਟਾ ਹੈ । ਹੁਣ ਕੋਈ ਆਖੇਗਾ ਕਿ ਮੈਂ ਆਪਣੇ ਆਪ ਹੀ ਆਪਣੇ ਸੁਭਾਅ ਬਾਰੇ ਕਿਵੇਂ ਕਹਿ ਸਕਦੀ ਹਾਂ, ਪਰ ਮੈਂ ਕਹਿੰਨੀ ਆਂ ਕਿ ਜੇ ਬੰਦਾ ਆਪਣੇ ਸੁਭਾਅ ਬਾਰੇ ਨਹੀਂ ਦੱਸ ਸਕਦਾ ਤਾਂ ਉਹ ਕਿਸੇ ਹੋਰ ਦੇ ਸੁਭਾਅ ਬਾਰੇ ਦੱਸਣ ਦੇ ਕਾਬਿਲ ਨਹੀਂ ਨਾਲੇ ਆਪਣੇ ਆਪ ਤੋਂ ਵੱਧ ਕੇ ਖੁਦ ਨੂੰ ਹੋਰ ਕੌਣ ਬਿਹਤਰ ਜਾਣ ਸਕਦਾ ਹੈ। ਮਤਲਬ ਜੇ ਖੁਦ ‘ਤੇ ਵਿਸ਼ਵਾਸ਼ ਹੈ ਤਾਂ ਆਪਣੇ ਬਾਰੇ ਬੋਲਣ ‘ਚ, ਵਿਚਾਰ ਦੇਣ ‘ਚ ਵੀ ਕੀ ਹਰਜ ਹੈ ? ਮਨੁੱਖੀ ਵਿਚਾਰਾਂ ਲਈ ਪਦਾਰਥਕ ਹਾਲਾਤ ਜਿੰਮੇਵਾਰ ਹੁੰਦੇ ਹਨ ਅਤੇ ਬਦਲਦੇ ਹਾਲਾਤਾਂ ਨਾਲ ਮਨੁੱਖ ਦੇ ਵਿਚਾਰ ਵੀ ਬਦਲਦੇ ਹਨ ।