ਕਿਤਾਬ ‘ਇਨਕਲਾਬੀ ਦਰਸ਼ਨ’ ਪੜ੍ਹਦਿਆਂ – ਵਰਿੰਦਰ

1.

ਇਸ ਕਿਤਾਬ ਦਾ ਮੂਲ-ਤੱਤ ਇੱਕ ਐਕਸ਼ਨ ਹੈ । ਜਿਸ ਦਾ ਮੰਤਵ ਸਿਰਫ ਪ੍ਰਤੀਕਿਰਿਆਵਾਦੀ ਨਾ ਰਹਿ ਕੇ ਮਨੁੱਖ ਦੁਆਰਾ ਭਵਿੱਖ ਵਿੱਚ ਦਖਲ-ਅੰਦਾਜੀ ਅਤੇ ਭਵਿੱਖ ਨੂੰ ਬਦਲ ਦੇਣ ਦੀ ਯੋਜਨਾ ਦੀ ਹਾਮੀ ਭਰਦੀ ਹੈ, ਭਵਿੱਖ ਵਿੱਚ ਦਖਲ-ਅੰਦਾਜੀ ਅਤੇ ਭਵਿੱਖ ਨੂੰ ਬਦਲ ਲੈਣ ਦਾ ਭਾਵ ਕਿਸੇ ‘ਗੈਰ-ਵਿਗਿਆਨਕ’ ਢੰਗ ਦੁਆਰਾ ਕਲਪੀ ਟਾਇਮ ਮਸ਼ੀਨ ਦੀ ਸਹਾਇਤਾ ਨਾਲ ਭਵਿੱਖ ਦੀ ਯਾਤਰਾ ਕਰਕੇ ਬਦਲਣ ਤੋਂ ਨਹੀਂ ਸਗੋਂ ਵਰਤਮਾਨ ਪਦਾਰਥਕ ਹਾਲਤਾਂ ਨੂੰ ਬਦਲ ਕੇ ਵਿਰੋਧ-ਵਿਕਾਸੀ ਢੰਗ ਨਾਲ ਭਵਿੱਖ ਵਿੱਚ ਵਾਪਰਨ ਵਾਲੇ ਵਰਤਾਰਿਆਂ ਨੂੰ ਆਪਣੇ ਨਿਯੰਤਰਣ ‘ਚ ਕਰ ਲੈਣਾ ਹੈ।

ਲੇਖਕ, ‘ਮਹਾਨ ਕਾਰਲ ਮਾਰਕਸ’ ਦੇ ਇਨਕਲਾਬੀ ਦਰਸ਼ਨ ਭਾਵ ‘ਪਦਾਰਥਵਾਦ ‘ਵਿਰੋਧ-ਵਿਕਾਸੀ’ ਦੇ ਮੂਲ-ਤੱਤ ਬਾਰੇ ਗੱਲ ਕਰਦਿਆਂ ਲਿਖਦਾ ਹੈ ਕਿ “ਮਾਰਕਸ ਤੋਂ ਪਹਿਲੇ ਦਰਸ਼ਨ ਦੀ ਇਕਹਿਰੀ ਖੂਬੀ ਸੰਸਾਰ ਦਿਰਸ਼ਟੀਕੋਣ ਹੈ, ਮਾਰਕਸ ਦੇ ‘ਇਨਕਲਾਬੀ ਦਰਸ਼ਨ’ ਪਦਾਰਥਵਾਦ ਵਿਰੋਧਵਿਕਾਸੀ ਦੀ ਦੋਹਰੀ ਖੂਬੀ ‘ਸੰਸਾਰ ਦਿਰਸਟੀਕੌਣ ਅਤੇ ਬਦਲਾਓ ਦਾ ਸਿਧਾਂਤ’ ਹੈ।“ : ਜਗਰੂਪ, ਇਨਕਲਾਬੀ ਦਰਸ਼ਨ. ਪੰ. 21

ਪਦਾਰਥਵਾਦ ਦੀ ਦੋਹਰੀ ਖੂਬੀ, “ਸੰਸਾਰ ਦਰਿਸ਼ਟੀਕੋਣ ਅਤੇ ਬਦਲਾਓ ਦੇ ਸਿਧਾਂਤ” ਦੀ ਸਹੀ ਸਮਝ ਬਣਾਉਣਾ ਸਭ ਤੋਂ ਬੁਨਿਆਦੀ ਹੈ, ਇਸ ਦੋਹਰੀ ਖੂਬੀ ਦੀ ਸਮਝ ਵਿੱਚ ਹੋਈ ਗੜਬੜ ਘਾਤਕ ਹੋ ਸਕਦੀ ਹੈ ਜਿਸ ਬਾਰੇ ਲੇਖਕ ਲਿਖਦਾ ਹੈ ਕਿ “ਇਸ ਦੀ ਦੋਹਰੀ ਖੂਬੀ ਸੰਸਾਰ ਦਰਿਸ਼ਟੀਕੌਣ ਅਤੇ ਬਦਲਾਓ ਦਾ ਸਿਧਾਂਤ ਨੂੰ ਮਨ/ਚੇਤਨਾ ਦਾ ਹਿੱਸਾ ਬਣਾਉਣਾ ਜਰੂਰੀ ਹੈ । ਇਸ ਨੂੰ ਕੇਵਲ ਸੰਸਾਰ ਦਰਿਸ਼ਟੀਕੌਣ ਤੱਕ ਹੀ ਸੀਮਤ ਕਰ ਦੇਣਾ ਮਨੁੱਖ ਦੀ ਭਵਿੱਖ ਵਿੱਚ  ਦਖਲ-ਅੰਦਾਜੀ ਨੂੰ ਅੱਖੋਂ-ਪਰੌਖੇ ਕਰ ਦਿੰਦਾ ਹੈ। ਅਜਿਹੀ ਇੱਕ ਪਾਸੜ ਪਹੁੰਚ ਇਨਕਲਾਬੀ ਰੂਹ ਨੂੰ ਬੇਅਸਰ ਕਰ ਦਿੰਦੀ ਹੈ। ਇਸ ਲਈ ਇਨਕਲਾਬੀ ਦਰਸ਼ਨ ਦੇ ਪਦਾਰਥਵਾਦੀ ਵਿਰੋਧ-ਵਿਕਾਸ ਦੀਆਂ ਦੋਵੇਂ ਖੂਬੀਆਂ-ਸੰਸਾਰ ਦਰਿਸ਼ਟੀਕੋਣ ਅਤੇ ਸੰਸਾਰ ਬਦਲਾਓ ਸਿਧਾਂਤ ਨੂੰ ਆਪਣੀ ਚੇਤਨ ਸੂਝ ਦਾ ਹਿੱਸਾ ਬਣਾਉਣਾ, ਇਨਕਲਾਬੀ ਲਹਿਰ ਦੇ ਉਸਾਰ, ਪਸਾਰ ਅਤੇ ਕਾਮਯਾਬੀ ਲਈ ਬੇਹੱਦ ਜਰੂਰੀ ਹੈ।“ ਜਗਰੂਪ, ਇਨਕਲਾਬੀ ਦਰਸ਼ਨ. ਪੰ. 22

ਇਹ ਕਿਤਾਬ ‘ਇਨਕਲਾਬੀ ਦਰਸ਼ਨ’, ਪਦਾਰਥਵਾਦ ਬਾਰੇ ਸਮਝ ਬਣਾਉਦਿਆਂ ਪਾਠਕ ਨੂੰ ਚੱਕਰੀ ਗੇੜਿਆਂ ਤੋਂ ਆਜਾਦ ਕਰਾਉਂਦੀ ਹੈ ਅਤੇ ਉਸ ਲਈ ਮਾਰਕਸਵਾਦੀ ਦਰਿਸ਼ਟੀਕੌਣ ਮੁਹੱਇਆ ਕਰਾਉਂਦਿਆਂ ਉਸਦੀ ਵਿਚਾਰਧਾਰਾ ਨੂੰ ਬਦਲਾਓ ਦਾ ਨੁਕਤਾ ਦੱਸਦੀ ਹੈ ਜੋ ‘ਸੁਤੰਤਰ ਸਮੇਂ ਦੇ ਸਿਧਾਂਤ’ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਮਨੁੱਖ ਦੀ ਜਿੰਦਗੀ ਸਿਰਫ ਕੰਮ ਕਰਨ ਵਾਸਤੇ ਹੀ ਨਹੀਂ ਹੁੰਦੀ। ਕੰਮ ਤਾਂ ਉਹ, ਕੰਮ ਦੇ ਸਮੇਂ ਤੋਂ ਬਾਅਦ ਅਨੰਦ ਨਾਲ ਜੀਉਣ ਲਈ ਕਰਦਾ ਹੈ ਪਰ ਉਤਪਾਦਨ ਦੇ ਸਰਮਾਏਦਾਰਾਨਾ ਢੰਗ ਵਿੱਚ ‘ਦੌਲਤ ਦੀ ਵੰਡ’ ਕਾਣੀ ਹੈ । ਜਿਸ ਕਾਰਨ “ਅਨੰਦ” ਦੀ ਵੰਡ ਵੀ ਕਾਣੀ ਹੈ। ਇਸ ਲਈ ਸਮਾਜਿਕ ਅਨੰਦ ਦੀ ਪਰਾਪਤੀ ਲਈ ਉਤਪਾਦਨ ਦਾ ਢੰਗ ਸਰਮਾਏਦਾਰਾਨਾ ਉਦਪਾਦਨ ਢੰਗ ਤੋਂ ‘ਸੁਤੰਤਰ ਸਮੇਂ ਦਾ ਪੈਦਾਵਾਰੀ ਅਤੇ ਵੰਡ ਦੇ (ਸਮਾਜਵਾਦੀ) ਢੰਗ’ ਵਿੱਚ ਬਦਲਣਾ ਪਵੇਗਾ । ਪੈਦਾਵਾਰ ਦੇ ਇੱਕ ਢੰਗ ਦਾ ਨਵੇਂ ਸਿਫਤੀ ਗੁਣਾਂ ਵਾਲੇ ਪੈਦਾਵਾਰੀ ਢੰਗ ‘ਚ ਬਦਲ ਦੇਣ ਦੀ ਲੋੜ ਹੀ ਇਨਕਲਾਬ ਦੀ ‘ਰੂਹ’ ਹੈ।  

2.

ਇਹ ਕਿਤਾਬ ਮਨੁੱਖ ਦੇ ਗਿਆਨ ਗ੍ਰਹਿਣ ਕਰਨ ਦੀ ਪ੍ਰਕਿਰਿਆ ਨੂੰ ਪੇਸ਼ ਕਰਦੀ ਹੈ।  ਜਿਵੇਂ ਮਾਂ ਦੀ ਕੁੱਖ ਵਿੱਚ ਬੱਚੇ ਦਾ ਇੱਕ ਸੈੱਲ ਤੋਂ ਲੈ ਕੇ ਪੈਦਾ ਹੋਣ ਤੱਕ ਦਾ ਵਿਕਾਸ ਧਰਤੀ ਉੱਤੇ ਹੁਣ ਤੱਕ ਦੇ ਜੀਵਣ ਦੇ ਵਿਕਾਸ ਦਾ ਸਾਰ-ਤੱਤ ਹੀ ਹੁੰਦਾ ਹੈ ਉਸੇ ਤਰ੍ਹਾਂ ਬੋਲੀ ਦੇ ਵਿਕਾਸ ਅਤੇ ਮਨੁੱਖ ਦਾ ਗਿਆਨ ਸਭ ਕੁੱਝ ਉਸਦੇ ਗਿਆਨ ਹਾਸਲ ਕਰਨ ਦੀ ਪ੍ਰੀਕਿਰਆ ਭਾਵ ਅਮਲ ਤੋਂ ਸਿੱਖਣ ਦਾ ਸਿੱਟਾ ਹੀ ਹੈ ਅਤੇ ਉਹ ਸਿਰਫ ਚੱਕਰੀ ਅਮਲ ਹੀ ਨਹੀ ਹੁੰਦਾ ਬਲਕਿ ਪ੍ਰਾਪਤ ਗਿਆਨ ਤੋਂ ਨਵਾਂ ਗਿਆਨ ਪੈਦਾ ਕਰਨਾ ਵੀ ਮਨੁੱਖ ਦਾ ਹਾਸਲ ਹੈ (ਇਸ ਨੂੰ ਅੰਗਰੇਜੀ ਦੇ productivity ਅਤੇ generativity ਸ਼ਬਦਾਂ ਨਾਲ ਪ੍ਰਭਾਸ਼ਿਤ ਕੀਤਾ ਜਾ ਸਕਦਾ)।

ਲੇਖਕ ਕਿਤਾਬ ਦੀ ਸ਼ੁਰੂਆਤ ਦਰਸ਼ਨ ਦੇ ਦੋ ਕੈਂਪਾਂ ਵਿਚਲੇ ਵਖਰੇਵੇਂ ਤੋਂ ਕਰਦਾ ਹੈ। ਜਿੰਨ੍ਹਾਂ ਵਿੱਚ ਪਦਾਰਥ ਅਤੇ ਵਿਚਾਰ ਵਿੱਚੋ ‘ਮੁਢਲਾ ਕੋਣ ਹੈ?’ ਦੇ ਸਵਾਲ ਨੂੰ ਲੈ ਕੇ ਵਖਰੇਵਾਂ ਹੈ ਜੋ ਆਧਾਰ ਬਣਦਾ ਹੈ ਪੂਰੇ ਦੇ ਪੂਰੇ ਫਲਸਫੇ ਦੇ ਵਖਰੇਵੇਂ ਦਾ ਜਿਸ ਉੱਤੇ ਉਹਨਾਂ ਦਾ ਸਾਰਾ ਉਸਾਰ ਖੜਾ ਹੁੰਦਾ ਹੈ ।

ਪਦਾਰਥਵਾਦੀ, ਪਦਾਰਥ ਨੂੰ ਮੁਢਲਾ ਮੰਨਦੇ ਹਨ ਅਤੇ ਵਿਚਾਰਵਾਦੀ ਵਿਚਾਰ ਨੂੰ ਮੁਢਲਾ ਮੰਨਦੇ ਹਨ।

ਵਿਚਾਰਵਾਦੀ ਕਹਿੰਦੇ ਹਨ ਕਿ ਸਭ ਕੁੱਝ ਜੋ ਦਿਖ ਰਿਹਾ ਹੈ ਉਹ ਇੱਕ ਵਿਚਾਰ ਦੀ ਰਚਨਾ ਹੈ ਉਸੇ ਕਰਕੇ ਆਕਾਸ਼, ਚੰਨ-ਤਾਰੇ, ਸੂਰਜ, ਧਰਤੀ, ਮਨੁੱਖ, ਜਾਨਵਰ, ਬਨਸਪਤੀ ਹਨ, ਇਹ ਸਭ ਉਸੇ ਦੀ ਰਚਨਾ ਹਨ।

ਪਰ ਪਦਾਰਥਵਾਦੀ ਮੰਨਦੇ ਹਨ ਕਿ ‘ਪਦਾਰਥ ਸਦੀਵੀਂ ਹੈ’ ਇਸ ਦੀ ਨਾ ਕੋਈ ਰਚਨਾ ਹੋਈ ਤੇ ਨਾ ਹੀ ਇਸਨੂੰ ਖਤਮ ਕੀਤਾ ਜਾ ਸਕਦਾ ਹੈ ਇਹ ਇੱਕ ਅਮੁੱਕ ਫੈਲਾਅ ਹੈ, ਜੋ ਨਿਰੰਤਰ ਗਤੀ ਵਿੱਚ ਹੈ ਅਤੇ ਨਿਰੰਤਰ ‘ਰੂਪ ਬਦਲੀ’ ਕਰਦਾ ਹੈ।ਇਸ ਮੁੱਢਲੇ ਵਖਰੇਵੇਂ ਨੇ ਹੀ ਦਰਸ਼ਨ ਨੂੰ ਦੋ ਖੇਮਿਆਂ ਵਿੱਚ ਵੰਡ ਦਿੱਤਾ, ਵਿਚਾਰ ਨੂੰ ਮੁੱਢਲਾ ਮੰਨਣ ਵਾਲੇ ਵਿਚਾਰਵਾਦੀ ਅਤੇ ਪਦਾਰਥ ਨੂੰ ਮੁੱਢਲਾ ਮੰਨਣ ਵਾਲੇ ਪਦਾਰਥਵਾਦੀ ਹਨ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰ ਇੱਕ ਵਿਗਿਆਨ ਦੀ ਆਪਣੀ ਸ਼ਬਦਾਵਲੀ ਹੁੰਦੀ ਹੈ ਆਪਣੀਆਂ ਧਾਰਨਾਵਾਂ ਹੁੰਦੀਆਂ ਹਨ ਅਤੇ ਇਹ ਧਾਰਨਾਵਾਂ ਅਤੇ ਸ਼ਬਦਾਵਲੀ ਆਪਣੇ ਉਸ ਸੰਬੰਧਿਤ ਵਿਸ਼ੇ ਮੁਤਾਬਿਕ ਵਿਸ਼ੇਸ਼ ਅਰਥ ਰੱਖਦੀ ਹੁੰਦੀ ਹੈ ਅਤੇ ਉਸੇ ਮੁਤਾਬਿਕ ਹੀ ਸੰਬੰਧਿਤ ਵਿਸ਼ੇ ਵਿੱਚ ਵਿਚਾਰ ਪੇਸ਼ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਫਲਸਫੇ ਦੀ ਆਪਣੀ ਇੱਕ ਸ਼ਬਦਾਵਲੀ ਹੈ। “ਦਾਰਸ਼ਨਿਕ ਵਿਚਾਰਾਂ ਦਾਰਸ਼ਨਿਕ ਧਾਰਨਾਵਾਂ ਰਾਹੀਂ ਹੀ ਹੁੰਦੀਆਂ ਹਨ। ਇਹਨਾਂ ਵਿੱਚ ਵਸਤਾਂ ਦੀ ਥਾਂ ਅਮੂਰਤ ਧਾਰਨਾਵਾਂ ਦਾ ਸਭ ਤੋਂ ਸਿਖਰਲਾ ਰੂਪ ਦਾਰਸ਼ਨਿਕ ਧਾਰਨਾਵਾਂ ਵਰਤੋਂ ਵਿੱਚ ਆਉਂਦੀਆਂ ਹਨ ” : (ਉਹੀ. 24), ਦਾਰਸ਼ਨਿਕ ਧਾਰਨਾਵਾਂ ਅਮੂਰਤ ਹੁੰਦੀਆਂ ਹਨ ਕਿਉਂਕਿ ਫਲਸਫਾ ਵਿਗਿਆਨਾਂ ਦਾ ਵਿਗਿਆਨ ਹੈ ਇਸ ਲਈ ਦਾਰਸ਼ਨਿਕ ਧਾਰਨਾਵਾਂ ਵਿੱਚ ਸਭ ਵਿਗਿਆਨਾਂ ਦੀਆਂ ਧਾਰਨਾਵਾਂ ਸ਼ਾਮਲ/ਮੌਜੂਦ ਹੁੰਦੀਆਂ ਹਨ।
         
ਮੁੱਢਲੀ ਧਾਰਨਾ ਸਿੱਧਾ ਨਾਮਕਰਨ ਹੁੰਦੀ ਹੈ, ਭਾਵ ਸ਼ਬਦ ਅਰਥ ਜਿਸ ਵਸਤੂ ਨਾਲ ਜੁੜੇ ਹੁੰਦੇ ਹਨ ਉਹਨਾਂ ਨੂੰ ਗਿਆਨ ਇੰਦਰੀਆਂ ਰਾਹੀਂ ਅਨੁਭਵ ਕੀਤਾ ਜਾ ਸਕਦਾ ਹੈ । ਜਿਵੇਂ ਸ਼ਬਦ ਕਣਕ ਦਾ ਸੰਬੰਧ ਜਿਸ ਵਸਤੂ ‘ਕਣਕ’ ਨਾਲ ਹੈ, ਉਸ ਕਣਕ ਨੂੰ ਛੋਹਿਆ ਜਾ ਸਕਦਾ ਹੈ, ਵੇਖਿਆ ਜਾ ਸਕਦਾ ਹੈ, ਸੁੰਘਿਆ ਜਾ ਸਕਦਾ ਹੈ ਇਸੇ ਤਰ੍ਹਾਂ ਛੋਲੇ, ਮੱਕੀ, ਕੌਲੀ, ਗਲਾਸ, ਚਮਚਾ, ਟਾਈ, ਕਮੀਜ, ਕੋਟ ਆਦਿ । ਇਸ ਤੋਂ ਉਚੇਰੇ ਪੜ੍ਹਾਅ ਦੀ ਧਾਰਨਾ ਮੱਧ-ਕੋਟੀ ਧਾਰਨਾ ਹੈ, ਮੱਧ-ਕੋਟੀ ਧਾਰਨਾ ਅਮੂਰਤ-ਨਾਮਕਰਣ ਹਨ, ਭਾਵ ਜਿਸ ਅਰਥ ਨੂੰ ਇਹ ਸ਼ਬਦ ਪ੍ਰਗਟਾਉਂਦੇ ਹਨ ਉਹਨਾਂ ਨੂੰ ਗਿਆਨ ਇੰਦਰੀਆਂ ਰਾਹੀਂ ਮਹਿਸੂਸ ਨਹੀਂ ਕੀਤਾ ਜਾ ਸਕਦਾ ਬਲਕਿ ਉਹ ਆਪਣੇ ਆਪ ਵਿੱਚ ਅਜਿਹੇ ਸ਼ਬਦ ਹੁੰਦੇ ਹਨ ਜੋ ਸਾਂਝੇ ਗੁਣਾਂ ਵਾਲੇ ਪਦਾਰਥਾਂ ਦੇ ਅਰਥਾਂ ਨੂੰ ਪ੍ਰਗਟਾਉਂਦੇ ਹਨ, ਉਚੇਰੇ ਪੜ੍ਹਾਅ ਉੱਤੇ ਹੋਣ ਕਰਕੇ ਇਸ ਵਿੱਚ ਮੁੱਢਲੀ ਧਾਰਨਾ ਵੀ ਮੌਜੂਦ ਹੁੰਦੀ ਹੈ। ਕੱਪੜਾ ਮੱਧ ਕੋਟੀ ਧਾਰਨਾ (ਅਮੂਰਤ ਨਾਮਕਰਨ) ਹੈ। ਕੱਪੜਾ ਕੀ ਹੈ ਇਹ ਤਾਂ ਟਾਈ, ਕਮੀਜ, ਕੋਟ ਆਦਿ ਹੀ ਹਨ, ਭਾਂਡਾ ਕੀ ਹੈ, ਇਹ ਕੌਲੀ, ਗਲਾਸ, ਚਮਚਾ ਆਦਿ ਹੀ ਹਨ, ਦਾਣੇ ਕੀ ਹਨ, ਇਹ ਕਣਕ, ਛੋਲੇ, ਮੱਕੀ ਆਦਿ ਹੀ ਹਨ। ਮੱਧ-ਕੋਟੀ ਧਾਰਨਾ ਤੋਂ ਉਚੇਰਾ ਪੜ੍ਹਾਅ ਉੱਚ ਕੋਟੀ ਧਾਰਨਾ ਹੈ, ਇਹ ਕੱਪੜਾ, ਭਾਂਡੇ, ਦਾਣੇ ਕੀ ਹਨ ਇਹ ਵਸਤਾਂ ਹਨ, ਵਸਤਾਂ ਉਹ ਹੁੰਦੀਆਂ ਹਨ ਜੋ ਮਨੁੱਖ ਲਈ ਵਰਤੋਂ ਮੁੱਲ ਰੱਖਦੀਆਂ ਹਨ ਭਾਵ ਮਨੁੱਖ ਜਿੰਨ੍ਹਾਂ ਨੂੰ ਵਰਤ ਸਕੇ ਸਿਰਫ ਉਹ ਹੀ ਵਸਤਾਂ ਹਨ, ਵਰਤੋਂ ਮੁੱਲ ਤੋਂ ਬਿਨਾਂ ਕੋਈ ਵੀ ਵਸਤ ਨਹੀਂ ਹੋ ਸਕਦੀ। ਇਹ ਵਸਤਾਂ ਉਚ-ਕੋਟੀ ਧਾਰਨਾਵਾਂ ਹਨ। ਅਮੂਰਤ ਧਾਰਨਾਵਾਂ ਅੱਗੇ ਦਰਸ਼ਨ-ਕੋਟੀ ਧਾਰਨਾਵਾਂ ਦੇ ਰੂਪ ‘ਚ ਆਪਣਾ ਘੇਰਾ ਹੋਰ ਵਿਸ਼ਾਲ ਕਰਦੀਆਂ ਹਨ, “ਅਮੂਰਤ ਧਾਰਨਾਵਾਂ ਦਾ ਸਿਖਰ ਦਰਸ਼ਨ-ਕੋਟੀ ਧਾਰਨਾਵਾਂ ਹਨ। ਦਰਸ਼ਨ ਕੋਟੀ ਧਾਰਨਾਵਾਂ ਵਿੱਚ ਨਿਮਨ, ਮੱਧ ਅਤੇ ਉੱਚ ਕੋਟੀ ਧਾਰਨਾਵਾਂ ਸਭ ਦੇ ਨਾਮਕਰਨ ਸ਼ਾਮਲ ਹੁੰਦੇ ਹਨ। …ਪਦਾਰਥ, ਗਤੀ, ਪੁਲਾੜ, ਸਮਾਂ, ਜੀਵਨ, ਰੂਹ ਆਤਮ-ਚੇਤਨਾ ਆਦਿ ਬਾਰੇ ਸਪੱਸ਼ਟਤਾ  ਅਤੇ ਨਿਖਾਰ ਜਰੂਰੀ ਹੈ।”  ( : ਉਹੀ, 27.)
         
ਲੇਖਕ ਧਾਰਨਾਵਾਂ ਦੇ ਵਿਕਾਸ ਦੀ ਸਮਝ ਨੂੰ ਪਕੇਰੇ ਕਰਨ ਨਾਲ ਪਾਠਕ ਨੂੰ ਤਿਆਰ ਕਰਦਾ ਹੈ ਤਾਂ ਕਿ ਉਹ ਅਗਲੀਆਂ ਵਾਰਤਾਵਾਂ ਵਿਚਲੀ ਚਰਚਾ ਨੂੰ ਸਮਝ ਸਕੇ। ਦਾਰਸ਼ਨਿਕ ਧਾਰਨਾਵਾਂ ਦਾ ਘੇਰਾ ਬਹੁਤ ਵਿਸ਼ਾਲ ਹੈ । ਦਰਅਸਲ ਧਾਰਨਾਵਾਂ ਮਨੁੱਖ ਦੁਆਰਾ ਗਿਆਨ ਨੂੰ ਗ੍ਰਹਿਣ ਕਰਨ ਦੀ ਪ੍ਰਕਿਰਿਆ ਦੀ ਬੁਨਿਆਦ ਹਨ। ਮਨੁੱਖ ਧਾਰਨਾਵਾਂ ਰਾਹੀਂ ਹੀ ਗਿਆਨ ਹਾਸਿਲ ਕਰਦਾ ਹੈ। ਉਸੇ ਗਿਆਨ ਦੇ ਅਧਾਰ ‘ਤੇ ਉਹ ਅਮਲ ਕਰਦਾ ਹੈ ਅਤੇ ਅਮਲ ਨਵੀਂਆਂ ਧਾਰਨਾਵਾਂ ਨੂੰ ਵਿਕਸਿਤ ਕਰਦਾ ਹੈ। ਪਦਾਰਥ ਇੱਕ ਦਾਰਸ਼ਨਿਕ ਧਾਰਨਾ ਹੈ ਇਹ ਸਦਾ ਗਤੀ ਵਿੱਚ ਹੈ, ਲੇਖਕ ਨੇ ਪਦਾਰਥ ਅਤੇ ਗਤੀ ਦੇ ਗੁਣ ਦੱਸਦਿਆ ਪਦਾਰਥਕ ਗਤੀਆਂ ਦਾ ਵਿਖਿਆਨ ਕੀਤਾ ਹੈ।  ਪਦਾਰਥ ਸਦੀਵੀਂ ਹੋਂਦ ਹੈ ਵਾਲਾ ਅਤੇ ਪਦਾਰਥ ਸਦਾ ਗਤੀ ਵਿੱਚ ਹੈ, ਪਦਾਰਥ ਬਿਨਾਂ ਗਤੀ ਦੇ ਨਹੀਂ ਹੋ ਸਕਦਾ ਅਤੇ ਗਤੀ ਪਦਾਰਥ ਤੋਂ ਬਿਨਾਂ ਨਹੀਂ ਹੋ ਸਕਦੀ। ਪਦਾਰਥ ਗਤੀ ਵਿੱਚ ਹੋਣ ਦੇ ਨਾਲ-ਨਾਲ ਨਿਰੰਤਰ ਰੂਪ ਬਦਲੀ ਵੀ ਕਰਦਾ ਹੈ । ਪਦਾਰਥਕ ਗਤੀ ਦਾ ਦੋਹਰਾ ਰੂਪ ‘ਥਾਂ ਬਦਲੀ’ ਅਤੇ ‘ਰੂਪ ਬਦਲੀ’ ਹੈ। ਪਦਾਰਥ ਦੀ ‘ਥਾਂ ਬਦਲੀ’ (ਮਕੈਨੀਕਲ) ਮੁੱਢਲੀ ਗਤੀ ਰੂਪ ਹੈ। ਥਾਂ ਬਦਲੀ ਭੌਤਿਕ ਗਤੀ ਰੂਪ ਨੂੰ ਜਨਮ ਦਿੰਦੀ ਹੈ ਅਤੇ ਖੁਦ ਵੀ ਉਸ ਵਿੱਚ ਸ਼ਾਮਿਲ ਹੁੰਦੀ ਹੈ, ਗਤੀ ਦਾ ਅਗਲਾ ਰੂਪ ਰਸਾਇਣਿਕ ਗਤੀ ਰੂਪ ਹੈ ਅਤੇ ਭੌਤਿਕ ਗਤੀ ਅਤੇ ਮਕੈਨੀਕਲ ਗਤੀ ਰੂਪ ਰਸਾਇਣਿਕ ਗਤੀ ਰੂਪ ਵਿੱਚ ਸ਼ਾਮਿਲ ਹਨ, ਇਸਤੋਂ ਉਚੇਰੀ ਗਤੀ ਜੈਵਿਕ ਗਤੀ ਹੈ ਜੋ ਅੱਗੇ ਸਮਾਜਿਕ ਗਤੀ ਵਿੱਚ ਵੱਟ ਜਾਂਦੀ ਹੈ ਅਤੇ ਗਤੀ ਦਾ ਸਿਖਰਲਾ ਰੂਪ ਵਿਚਾਰਧਾਰਕ ਗਤੀ ਰੂਪ ਹੈ। 
         
ਪਦਾਰਥਕ ਗਤੀ ਦਾ ਦਰਸ਼ਨ-ਕੋਟੀ ਨਾਮਕਰਨ ਕੁਦਰਤ ਹੈ ਹੁਣ ਸਵਾਲ ਇਹ ਹੈ ਕਿ ਕੁਦਰਤ ਨੂੰ ਅਸੀਂ ਪਦਾਰਥਦਕ ਗਤੀ ਕਿਵੇਂ ਕਹਿ ਸਕਦੇ ਹਾਂ?

(ਚੱਲਦਾ)

ਚਰਚਾ ਜਾਰੀ ਰਹੇਗੀ ਮਿਲਦੇ ਹਾਂ ਅਗਲੀ ਲੜੀ ਵਿੱਚ।

ਜਰੂਰੀ ਬੇਨਤੀ:- ਤੁਹਾਡੀ ਇਸ ਲੇਖ ਬਾਰੇ ਕੀ ਰਾਇ ਹੈ, ਲੇਖਕ ਦੇ Email ਪਤੇ ਉਪਰ ਜਾਂ ਫੋਨ ਨੰਬਰ/ਵੱਟਸ-ਐਪ ਰਾਹੀ ਜਰੂਰ ਦੱਸੋ ਅਤੇ ਇਸ ਬਲੋਗ ਨੂੰ ਫੋਲੋ ਜਰੂਰ ਕਰੋ ਅਤੇ ਜੇ ਤੁਹਾਨੂੰ ਇਹ ਲੇਖ ਚੰਗਾ ਲੱਗਾਂ ਤਾਂ ਇਹਨੂੰ ਆਪਣੇ ਸੱਜਣਾਂ ਨਾਲ ਸਾਂਝਾ ਜਰੂਰ ਕਰੋ।

ਲੇਖਕ ਦਾ ਸੰਪਰਕ:
Email – varinder@pbi.ac.in
ਮੋਬਾਈਲ/ਵੱਟਸ-ਐਪ – 9478258283

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s