ਏਂਗਲਜ ਰਚਿਤ ‘ਵਾਨਰ (Ape) ਤੋਂ ਮਨੁੱਖ (Man) ਤੱਕ ‘ਕਿਰਤ’ ਵੱਲੋਂ ਨਿਭਾਈ ਗਈ ਭੂਮਿਕਾ’ ਇਤਿਹਾਸਕ-ਪਦਾਰਥਵਾਦ ਦੀ ਕੂੰਜੀ – ਵਰਿੰਦਰ *

* ਖੋਜਾਰਥੀ ਪੰਜਾਬੀ ਯੂਨੀਵਰਸਿਟੀ, ਪਟਿਆਲਾ

ਫਰੈਡਰਿਕ ਏਂਗਲਜ਼ ਵੱਲੋਂ ਇਹ ਲੇਖ ਸੰਨ 1876 ਦੇ ਜੂਨ ਮਹੀਨੇ ਵਿੱਚ ਲਿਖਿਆ ਗਿਆ, ਇਹ ਲੇਖ ਉਹਨਾਂ ਨੇ ਇੱਕ ਵੱਡੀ ਕਿਰਤ ‘ਗੁਲਾਮੀ ਦੇ ਤਿੰਨ ਬੁਨਿਆਦੀ ਰੂਪ’ – ਅਤੇ ਜਿਸ ਦਾ ਨਾਮ ਉਹਨਾਂ ਬਾਅਦ ਵਿੱਚ ਬਦਲ ਕੇ ‘ਕਿਰਤੀ ਨੂੰ ਗੁਲਾਮ ਬਨਾਉਣ ਦੀ ਪ੍ਰਕਿਰਿਆ ; ਇੱਕ ਜਾਣ-ਪਛਾਣ’ ਕਰ ਦਿੱਤਾ – ਦੀ ਭੂਮਿਕਾ ਵੱਜੋਂ ਲਿਖਿਆ, ਇਸ ਵਜਾ ਤੋਂ ਇਸ ਸੰਖੇਪ ਲੇਖ ਵਿੱਚ ਵੀ ਬਹੁਤ ਸਾਰੇ ਵਿਸ਼ਿਆਂ ‘ਤੇ ਚਰਚਾ ਹੋਈ ਹੈ, ਜਿਵੇਂ ਕਿ ਮਨੁੱਖ ਦੀ ਸਮਾਜਿਕ ਅਤੇ ਜੈਵਿਕ ਉਤਪਤੀ ਨੂੰ ਨਿਸ਼ਚਿਤ ਕਰਦੀਆਂ ਪਦਾਰਥਕ ਹਾਲਤਾਂ, ਕੁਦਰਤ ਅਤੇ ਸਮਾਜ ਦੇ ਪਰਸਪਰ ਸੰਬੰਧਾਂ, ਉਤਪਾਦਕ ਗਤੀਵਿਧੀ ਦੇ ਸੰਭਾਵਿਤ ਨਤੀਜੇ, ਨਿੱਜੀ ਜਾਇਦਾਦ ਦਾ ਵਿਕਾਸ, ਸਰਮਾਏਦਰੀ ਦਾ ਅਸਥਾਈਪੁਣਾ ਆਦਿ। ਪਰ ਇਹ ਵੱਡੀ ਕਿਰਤ ਸਿਰੇ ਨਾ ਚੜ ਸਕੀ ਅਤੇ ਏਂਗਲਜ ਨੇ ਇਸ ਲੇਖ ਨੂੰ ਆਪਣੀ ਕਿਰਤ ‘ਕੁਦਰਤ ਦਾ ਵਿਰੋਧ ਵਿਕਾਸ’ ਵਿੱਚ ਦਰਜ ਕੀਤਾ ਅਤੇ ਇਹ ਅੱਜ ਤੱਕ ਉਸੇ ਦਾ ਇੱਕ ਭਾਗ ਹੈ, ਕੁਦਰਤ ਦਾ ਵਿਰੋਧ-ਵਿਕਾਸ ਏਂਗਲਜ ਵੱਲੋਂ 1883 ‘ਚ ਲਿਖੀ ਗਈ ਜੋ ਕਿ 1927 ਵਿੱਚ ਸੋਵਿਯਤ ਸੰਘ ਵਿੱਚ ਛਪੀ ਅਤੇ ਉਪਰੋਕਤ ਲੇਖ ਵੀ ਏਂਗਲਜ ਦੇ ਜਿਉਂਦਿਆ ਨਾ ਛੱਪ ਸਕਿਆ ਅਤੇ ਪਹਿਲੀ ਵਾਰ ਜਰਮਨ ਸ਼ੋਸ਼ਲ-ਡੈਮੋਕਰੇਟਾਂ ਦੇ ਪਰਚੇ Die Neue Ziet ਵਿੱਚ ਛਪਿਆ।       

   ਏਂਗਲਜ ਦੀ ਇਹ ਮਹਾਨ ਰਚਨਾ, ਮਨੁੱਖ ਅਤੇ ਮਨੁੱਖੀ ਸਮਾਜ ਦੀ ਉੱਤਪਤੀ ਦੀ ਸਿਧਾਂਤਕ ਸਮਝ ਦੇ ਬੁਨਿਆਦੀ ਰੂਪ ਵਿੱਚ ਏਂਗਲਜ ਦੇ ਪਦਾਰਥਵਾਦੀ ਦ੍ਰਿਸ਼ਟੀਕੋਣ ਜਾਂ ਸਹੀ ਅਰਥਾਂ ਵਿੱਚ ਕਹਿਣਾ ਹੋਵੇ ਤਾਂ ਮਾਰਕਸਵਾਦ (ਪਦਾਰਥਵਾਦ ਵਿਰੋਧ-ਵਿਕਾਸੀ) ਦੇ ਦ੍ਰਿਸ਼ਟੀਕੋਣ ‘ਇਤਿਹਾਸਕ ਪਦਾਰਥਵਾਦ’ ਨੂੰ ਸਮਝਣ ਲਈ ਇੱਕ ਨਿੱਗਰ ਸਾਧਨ ਹੈ, ਜੋ ਖਾਸ ਤੌਰ ‘ਤੇ ਮਨੁੱਖ ਦੇ ਵਿਕਾਸ ਵਿੱਚ ਕਿਰਤ ਦੇ ਯੌਗਦਾਨ ਦਾ ਜਿਕਰ ਕਰਦਿਆਂ, ਵਾਨਰ (ape)  ਦੀ ਮਨੁੱਖ ਵਿੱਚ ਤਬਦੀਲੀ ਦੀਆਂ ਕੁਦਰਤੀ ਹਾਲਤਾਂ ਬਾਰੇ ਦੱਸਦੀ ਹੈ। ਵਾਨਰ (ape) ਵਿੱਚ ਤਿੰਨ ਤਬਦੀਲੀਆਂ; ਸਿੱਧੀ ਤੋਰ, ਹੱਥ ਦਾ ਵਿਕਾਸ ਅਤੇ ਦਿਮਾਗ ਦਾ ਵਿਕਾਸ ਉਸਦੀ ਮਨੁੱਖ ਵਿੱਚ ਤਬਦੀਲੀ ਦੇ ਸਹਾਇਕ ਬਣੇ। ਕਿਰਤ ਦੀ ਉਤਪਤੀ, ਔਜਾਰਾਂ ਦਾ ਨਿਰਮਾਣ, ਸ਼ਿਕਾਰ ਦੀ ਪ੍ਰਕਿਰਿਆ ਅਤੇ ਅੱਗ ਦੀ ਵਰਤੋਂ ਮਨੁੱਖੀ ਵਿਕਾਸ ਦੇ ਪੜ੍ਹਾਅ ਵੀ ਬਣੇ ਅਤੇ ਮਨੁੱਖੀ ਵਿਕਾਸ ਦਾ ਸਾਧਨ ਵੀ ਬਣੇ। ਬੋਲੀ ਦੀ ਉੱਤਪਤੀ ਮਨੁੱਖੀ ਸਮਾਜ ਦੀ ਲੋੜ ਵਿੱਚੋਂ ਹੋਈ, ਜਿਸ ਲਈ ਮਨੁੱਖੀ ਸਰੀਰ ਦੀ ਖਾਸ ਬਨਾਵਟ ਜੋ ਕਿ ਪਹਿਲੇ ਵਿਕਾਸ ਦਾ ਸਿੱਟਾ ਸੀ, ਸਹਾਇਕ ਬਣੀ। ਇਸ ਬਾਰੇ ਉਪਰੋਕਤ ਰਚਨਾ ਵਿੱਚ ਸੰਖੇਪ ਵਰਨਣ ਕੀਤਾ ਮਿਲਦਾ ਹੈ। ਏਂਗਲਜ ਨੇ ਇਸ ਰਚਨਾ ਵਿੱਚ ਪੈਦਾਵਾਰ ਦੇ ਖਾਸ ਪੜਾਅ ਉੱਤੇ ਸਰਮਾਏਦਾਰੀ ਦਾ ਪੈਦਾ ਹੋਣਾ ਅਤੇ ਫਿਰ ਇਹਦਾ ਸਮਾਜ ਲਈ ਪਰਜੀਵੀ (parasite) ਬਣ ਜਾਣਾ ਬਾਰੇ ਦੱਸਦਿਆਂ ਇਹਦੇ ਅੰਤ ਅਤੇ ਨਵੇਂ ਸਮਾਜ ਵਿੱਚ ਤਬਦੀਲੀ ਬਾਰੇ ਵੀ ਜਿਕਰ ਕੀਤਾ ਹੈ। ਇਸ ਕਿਰਤ ਵਿੱਚ ਵਿਕਸਿਤ ਹੋਈ ਸਮੱਗਰੀ ਨੂੰ ਏਂਗਲਜ ਦੀ ਇੱਕ ਹੋਰ ਮਹਾਨ ਰਚਨਾ ‘ਟੱਬਰ, ਨਿੱਜੀ ਜਾਇਦਾਦ ਅਤੇ ਰਾਜ ਦਾ ਮੁੱਢ’ ਵਿੱਚ ਵੀ ਪ੍ਰਚੰਡ ਰੂਪ ਵਿੱਚ ਮਾਣਿਆ ਜਾ ਸਕਦਾ ਹੈ।

‘ਵਾਨਰ (ape) ਤੋਂ ਮਨੁੱਖ ਤੱਕ ‘ਕਿਰਤ’ ਵੱਲੋਂ ਨਿਭਾਈ ਗਈ ਭੂਮਿਕਾ’ ਲੇਖ ਦੀ ਸ਼ੁਰੂਆਤ ਵਿੱਚ ਏਂਗਲਜ ਲਿਖਦੇ ਹਨ ਕਿ “ਅਰਥਵਿਗਿਆਨੀਆਂ ਦਾ ਦਾਅਵਾ ਹੈ ਕਿ ਕਿਰਤ ਕੁੱਲ ਦੌਲਤ ਦਾ ਸ੍ਰੋਤ ਹੈ।”I ਪਰ ਅਰਥ-ਵਿਗਿਆਨੀਆਂ ਦੇ ਇਸ ਮੱਤ ਵਿੱਚ ਵਾਧਾ ਕਰਦਿਆਂ ਏਂਗਲਜ ਲਿਖਦੇ ਹਨ ਕਿ “ਦਰਅਸਲ ਇਹ ਸਰੋਤ ਤਾਂ ਹੈ ਪਰ ਕੁਦਰਤ ਤੋਂ ਮਗਰੋਂ, ਕੁਦਰਤ ਇਹਨੂੰ ਇਹ ਸਮੱਗਰੀ ਮੁਹੱਈਆ ਕਰਵਾਉਂਦੀ ਹੈ ਜਿਸ ਨੂੰ ਇਹ ਦੌਲਤ ਵਿੱਚ ਤਬਦੀਲ ਕਰਦੀ ਹੈ, ਪਰ ਇਹ (ਕਿਰਤ) ਉਸ ਤੋਂ ਵੀ ਅਥਾਹ ਵੱਡੀ ਚੀਜ ਹੈ। ਉਹ ਸਮੁੱਚੀ ਮਨੁੱਖੀ ਹੋਂਦ ਦੀ ਪਹਿਲੀ ਬੁਨਿਆਦੀ ਸ਼ਰਤ ਹੈ ਅਤੇ ਇਸ ਹੱਦ ਤੱਕ ਕਿ ਸਾਨੂੰ ਕਹਿਣਾ ਪਵੇਗਾ ਕਿ ਮਨੁੱਖ ਖੁਦ ਕਿਰਤ ਦੀ ਸਿਰਜਣਾ ਹੈ।”II ਇਸ ਇੱਕ ਹੀ ਫਿਕਰੇ ਦੇ ਨਾਲ ਏਂਗਲਜ ਇਤਿਹਾਸ ਦੇ ਸਭ ਤੋਂ ਵੱਡੇ ਸਵਾਲ ਦਾ ਜਵਾਬ ਦੇ ਦਿੰਦੇ ਹਨ ਜਿਸ ਨੂੰ ‘ਰਹੱਸਾਂ ਦਾ ਰਹੱਸ’ ਕਹਿ ਕੇ ਸੱਦਿਆ ਜਾਂਦਾ ਹੈ; ਭਾਵ ਮਨੁੱਖ ਦੀ ਉੱਤਪਤੀ ਦਾ ਸਵਾਲ। ਇਹ ਲੇਖ ਜਵਾਬ ਦਿੰਦਾ ਹੈ ਕਿ ਮਨੁੱਖ ਕੋਈ ਦੈਵੀ ਸਿਰਜਣਾ ਜਾਂ ਫਿਰ ਕੋਈ ਵੱਖਰੀ ਵਿਕਸਿਤ ਹੋਈ ਪ੍ਰਜਾਤੀ ਨਹੀਂ, (ਜਿਹਾ ਕਿ ਅੱਜ ਵੀ ਪ੍ਰਚਾਰਿਆ ਜਾ ਰਿਹਾ ਹੈ ਕਿ ਮਨੁੱਖ ਕਿਸੇ ਬਾਹਰੀ ਗ੍ਰਹਿ ਤੋਂ ਆਏ ਜਾਂ ਭੇਜੇ ਗਏ ਹਨ ਇਤੀਆਦਿ) ਬਲਕਿ ਮਨੁੱਖ ਹੋਰ ਜੀਵਾਂ ਵਾਂਗੂੰ ਹੀ ਤਬਦੀਲੀ ਅਤੇ ਵਿਕਾਸ ਦੇ ਨੇਮ ਵਿੱਚ ਬੱਝਿਆ, ਬਾਂਦਰਾਂ ਦੀ ਇੱਕ ਕਿਸਮ – ਜਿਸਨੂੰ ਵਾਂਨਰ  ਸੱਦਿਆ ਜਾਂਦਾ ਹੈ – ਤੋਂ ਹੀ ਵਿਕਸਿਤ ਹੋਇਆ ਜੀਵ ਹੈ ਅਤੇ ਮਨੁੱਖੀ ਹੱਥਾਂ ਦੀ ਕਿਰਤ ਹੀ ਹੈ ਜਿਸ ਨੇ ਵਾਨਰ (ape) ਨੂੰ ਮਨੁੱਖ ਦੇ ਰੂਪ ਵਿੱਚ ਬਾਕੀ ਜੀਵ-ਜਗਤ ਤੋਂ ਵੱਖਰਾ ਕੀਤਾ ਅਤੇ ਉਸਦੀ ਸਿਰਜਣਾ ਕੀਤੀ। ਏਂਗਲਜ ਇਸ ਗੱਲ ਦੇ ਠੋਸ ਆਧਾਰ ਪੇਸ਼ ਕਰਦੇ ਹਨ ਕਿ ਜੀਵ-ਜਗਤ ‘ਵਾਧੇ ਦੇ ਸਹਿ-ਸੰਬੰਧ ਦੇ ਨੇਮ’ ਉੱਤੇ ਚਲਦੇ ਹਨ ਅਤੇ ਉਹ ਜੀਵ-ਪ੍ਰਜਾਤੀ ਨੂੰ ਵੀ ਜਿਸਦਾ ਕਿ ਵਿਕਾਸ ਮਨੁੱਖ ਦੇ ਰੂਪ ਵਿੱਚ ਹੋਇਆ, ਉਹ ਵੀ ਇਸ ਨੇਮ ਕਰਕੇ ਹੀ ਆਪਣੇ ਅਗਲੇ ਹੱਥਾਂ ਨੂੰ ਅਜਾਦ ਕਰਦਿਆਂ ਸਿੱਧੇ ਤੁਰ ਕੇ ਮਨੁੱਖ ਦੇ ਰੂਪ ਵਿੱਚ ਵਿਕਸਿਤ ਹੋਣ ਦੇ ਰਾਹ ਪਈ। ਏਂਗਲਜ ਇਸ ਨੇਮ ਲਈ ਮਹਾਨ ਵਿਗਿਆਨੀ ਚਾਰਲਸ-ਡਾਰਵਿਨ ਦੀ ‘Origin of Species’ ਨੂੰ ਅਧਾਰ ਬਣਾ ਕੇ ਹਵਾਲਾ ਦਿੰਦੇ ਹਨ ਕਿ “ਇਸ ਨਿਯਮ ਅਨੁਸਾਰ ਜੈਵਿਕ ਹੋਂਦ ਦੇ ਵੱਖ-ਵੱਖ ਹਿੱਸਿਆਂ ਦੇ ਕੁੱਝ ਵਿਸ਼ੇਸ਼ ਰੂਪ ਹਮੇਸ਼ਾਂ ਦੂਜੇ ਹਿੱਸਿਆਂ ਦੇ ਕੁੱਝ ਖਾਸ ਰੂਪਾਂ ਨਾਲ ਇਸ ਤਰ੍ਹਾਂ ਜੁੜੇ ਹੁੰਦੇ ਹਨ, ਜਿਹਨਾਂ ਵਿਚਕਾਰ ਦੇਖਣ ਨੂੰ ਕੋਈ ਸੰਬੰਧ ਨਜਰੀਂ ਨਹੀਂ ਆਉਂਦਾ।”III ਅਤੇ ਇਸੇ ਨੇਮ ਨਾਲ ਸੰਬੰਧਿਤ ਉਹ ਡਾਰਵਿਨ ਵੱਲੋਂ ਉਦਾਹਰਨ ਵੀ ਪੇਸ਼ ਕਰਦੇ ਹਨ। ਇਸੇ ‘ਵਾਧੇ ਦੇ ਸਹਿ-ਸੰਬੰਧਾਂ ਦੇ ਨੇਮ’ ਕਰਕੇ ਹੀ ਸੀ ਕਿ ਮਨੁੱਖ ਦੇ ਆਜਾਦ ਹੋਏ ਹੱਥਾਂ ਕਾਰਨ ਵਾਨਰ (ape) ਦੇ ਦਿਮਾਗ ਦਾ ਵਿਕਾਸ ਹੋਣਾ ਸ਼ੁਰੂ ਹੋਇਆ ਅਤੇ ਕਿਰਤ ਦੀ ਉਤਪੱਤੀ ਨੇ ਮਨੁੱਖ ਦੀ ਸਿਰਜਣਾ ਕੀਤੀ। ਏਂਗਲਜ ਲਿਖਦੇ ਹਨ ਕਿ “ਦਰੱਖਤਾਂ ‘ਤੇ ਚੜਨ ਸਮੇਂ ਹੱਥਾਂ ਦਾ ਪੈਰਾਂ ਨਾਲ ਵੱਖਰਾ ਕਾਰਜ ਹੀ ਉਹਨਾਂ ਦੇ ਜੀਵਨ ਢੰਗ ਦਾ ਉਹ ਪਹਿਲਾ ਕਾਰਨ ਸੀ, ਜਿਸ ਕਰਕੇ ਵਾਨਰਾਂ ਨੇ ਤੁਰਨ ਸਮੇਂ ਵੀ ਆਪਣੇ ਹੱਥਾਂ ਦੀ ਵਰਤੋਂ ਦੀ ਆਦਤ ਗਵਾਉਣੀ ਅਤੇ ਜਿਆਦਾ ਤੋਂ ਜਿਆਦਾ ਸਿੱਧੀ ਤੋਰ ਅਪਣਾਉਣੀ ਸ਼ੁਰੂ ਕਰ ਦਿੱਤੀ। ਇਹ ਵਾਨਰ (ape) ਤੋਂ ਮਨੁੱਖ ਵੱਲ ਤਬਦੀਲੀ ਦੀ ਇੱਕ ਫੈਸਲਾਕੂੰਨ ਪੁਲਾਂਘ ਸੀ।”IV

ਏਂਗਲਜ ਅਜਿਹੇ ਵਾਨਰ (ape) ਦਾ ਸਮਾਂ ਲੱਖਾਂ ਵਰ੍ਹੇ ਪਹਿਲਾਂ ਦੇ ਤ੍ਰੇਤਾ ਯੁੱਗ ਨੂੰ ਦੱਸਦੇ ਅਤੇ ਸਥਾਨ ਹਿੰਦ ਮਹਾਂਸਾਗਰ ਵਿੱਚ ਡੁੱਬ ਚੁੱਕੇ ਤਪਤ-ਖੰਡੀ ਇਲਾਕੇ ਨੂੰ ਮੰਨਦੇ ਹਨ। ਜਿਸਦੀ ਕਿ ਤਬਦੀਲੀ ਮਨੁੱਖ ਵਿੱਚ ਹੋਈ ਹੋਵੇਗੀ। ਉਹ ਦਸਦੇ ਹਨ ਕਿ ਭਾਵੇਂ ਮਨੁੱਖ ਦੇ ਪੂਰਵਜ ਆਪਣੇ ਹੱਥਾਂ-ਪੈਰਾਂ ਦੀ ਬਨਾਵਟ ਅਤੇ ਵਰਤੋਂ ‘ਚ ਤਬਦੀਲੀ ਅਤੇ ਖੁਰਾਕ ਵਿੱਚ ਤਬਦੀਲੀ ਕਾਰਨ ਬਦਲਾਅ ਦੀ ਪਹਿਲੀ ਪੁਲਾਂਘ ਪੁੱਟ ਚੁੱਕੇ ਸਨ, ਪਰ ਮਨੁੱਖ ਵੱਲ ਨੂੰ ਅਸਲ ਤਬਦੀਲੀ ਦੀ ਸ਼ੁਰੂਆਤ ਕਿਰਤ ਦੀ ਉੱਤਪਤੀ ਨਾਲ ਹੋਈ। ਉਹ ਭੋਜਨ ਦੀ ਪ੍ਰਾਪਤੀ, ਛੱਤ ਬਣਾਉਣ, ਅਤੇ ਦੁਸ਼ਮਣ ਜੀਵਾਂ ਤੋਂ ਬਚਣ ਆਦਿ ਲਈ ਸੰਦਾਂ ਦੀ ਵਰਤੋਂ ਕਰਦੇ ਸਨ ਪਰ ਇਹ ਅਸਲ ਮਾਇਨਿਆਂ ਵਿੱਚ ਕਿਰਤ ਨਹੀਂ ਸੀ। ਕਿਰਤ ਦੀ ਉਤਪਤੀ ਬਾਰੇ ਏਂਗਲਜ਼ ਲਿਖਦੇ ਹਨ ਕਿ “ਜਿਵੇਂ-ਜਿਵੇਂ ਭੋਜਨ ਵੱਧ ਤੋਂ ਵੱਧ ਵੰਨ-ਸਵੰਨਾਂ ਹੋਇਆ, ਤਾਂ ਇਸ ਨਾਲ ਤੱਤ ਸਰੀਰ ਵਿੱਚ ਦਾਖਿਲ ਹੋਏ, ਤੱਤ ਜਿਹੜੇ ਮਨੁੱਖ ਵਿੱਚ ਤਬਦੀਲੀ ਦੀ ਰਸਾਇਣਿਕ ਬੁਨਿਆਦ ਬਣੇ। ਪਰ ਫਿਰ ਵੀ ਸਭ ਸਹੀ ਸ਼ਬਦਾਂ ਵਿੱਚ ਅਜੇ ਤੱਕ ਕਿਰਤ ਨਹੀਂ ਸਨ। ਕਿਰਤ ਦੀ ਸ਼ੁਰੂਆਤ ਸੰਦ ਬਣਾਉਣ ਤੋਂ ਹੋਈ।”V

          ਮਨੁੱਖ ਦੇ ਪੂਰਵਜ ਜੋ ਕਿ ਝੂੰਡਾਂ ਵਿੱਚ ਰਹਿੰਦੇ ਸਨ, ਉਹਨਾਂ ਉੱਤੇ ਹੱਥਾਂ ਦੇ ਵਿਕਾਸ ਦਾ ਡੂੰਘਾ ਅਸਰ ਪਿਆ, ਕਿਰਤ ਦੀ ਉੱਤਪਤੀ ਨਾਲ ਮਨੁੱਖ ਨੂੰ ਕੁਦਰਤ ਉੱਤੇ ਗਲਬਾ ਹਾਸਲ ਕਰਨ ਦਾ ਰਾਹ ਮਿਲ ਗਿਆ। ਮਨੁੱਖ ਕੁਦਰਤੀ ਚੀਜਾਂ ਦੇ ਨਵੇਂ ਗੁਣਾਂ ਤੋਂ ਨਵੀਆਂ ਕਾਢ੍ਹਾਂ ਕੱਢਦਾ ਗਿਆ ਅਤੇ ਨਾਲ ਹੀ ਹੱਥ ਦੇ ਵਿਕਾਸ ਨਾਲ ਵਧੇਰੇ ਹੋਈ ਸਾਂਝੀ ਸਰਗਰਮੀ ਨੇ ਸਮਾਜਿਕ ਸੰਬੰਧ ਪੀਡੇ ਹੋਏ। ਇਹਨਾਂ ਸਾਮਾਜਿਕ ਸੰਬੰਧਾਂ ਕਾਰਨ ਮਨੁੱਖ ਵਿੱਚ ਇੱਕ ਦੂਜੇ ਨੂੰ ਕੁੱਝ ਕਹਿਣ ਦੀ ਲੋੜ ਅਨੁਭਵ ਹੋਈ, ਜਿਸ ਕਾਰਨ ਬੋਲੀ ਦੀ ਉੱਤਪਤੀ ਹੋਈ। ਬੋਲੀ ਦੀ ਉੱਤਪਤੀ ਬਾਰੇ ਕਾਰਲ ਮਾਰਕਸ ਲਿਖਦੇ ਹਨ “ਭਾਸ਼ਾ ਚੇਤਨਾ ਜਿੰਨੀ ਹੀ ਪੁਰਾਣੀ, ਭਾਸ਼ਾ ਅਮਲੀ, ਸਹੀ ਚੇਤਨਾ ਹੈ ਜਿਹੜੀ ਹੋਰਾਂ ਵਿਅਕਤੀਆਂ ਲਈ ਵੀ ਹੋਂਦ ਰੱਖਦੀ ਹੈ, ਅਤੇ ਸਿਰਫ ਇਸੇ ਲਈ ਮੇਰੇ ਲਈ ਵੀ ਹੋਂਦ ਰੱਖਦੀ ਹੈ। ਭਾਸ਼ਾ, ਚੇਤਨਾ ਦੀ ਤਰਾਂ ਹੀ, ਸਿਰਫ ਅਵਿੱਸ਼ਕਤਾ ਤੋਂ ਪੈਦਾ ਹੁੰਦੀ ਹੈ, ਆਪਣੇ ਤੋਂ ਹੋਰ ਵਿਅਕਤੀਆਂ ਨਾਲ ਆਦਾਨ-ਪ੍ਰਦਾਨ ਦੀ ਅਵਿੱਸ਼ਕਤਾ ਤੋਂ। [ਮੇਰਾ ਮੇਰੇ ਆਲੇ-ਦੁਆਲੇ ਨਾਲ ਰਿਸ਼ਤਾ, ਮੇਰੀ ਚੇਤਨਾ ਹੈ]”VI ਚੇਤਨਾ ਮਨੁੱਖ ਦਾ ਗੁਣ ਹੈ। ਭਾਸ਼ਾ ਅਤੇ ਚੇਤਨਾ ਨੂੰ ਸਮਝਣ ਲਈ ਇਸ ਗੱਲ ਉੱਪਰ ਧਿਆਨ ਦੇਣਾ ਜਰੂਰੀ ਹੈ “ਚੇਤਨਾ: ਪਦਾਰਥਕ ਗਤੀ (ਪਦਾਰਥ ਦੇ ਮੋੜਵੇਂ ਪ੍ਰਭਾਵ ਦੇ ਦੋਹਰੇ ਗੁਣ ਜਜ਼ਬ ਅਤੇ ਪ੍ਰਵਰਤਿਤ ਕਰਨ) ਦਾ ਉੱਚਤਮ ਪੜਾਅ ਹੈ । ਇਹ ਜਾਹਰੀਅਤ ਤੋਂ ਰੂਹਾਨੀ ਅਤੇ ਰੂਹਾਨੀ ਤੋਂ ਮੁੜ ਜਾਹਰੀਅਤ ਦਾ ਵਰਤਾਰਾ ਹੈ। ਇਹ ਠੋਸ ਤੋਂ ਸੂਖਮ ਅਤੇ ਸੂਖਮ ਤੋਂ ਮੁੜ ਠੋਸ ਦਾ ਗੁੰਝਲਦਾਰ ਵਰਤਾਰਾ ਹੈ। ਸੂਖਮ ਵਰਤਾਰੇ ਸਮੇਂ ਮਨ ਦੀ ਸਰਗਰਮੀ ਹੈ ਅਤੇ ਠੋਸ ਵਰਤਾਰੇ ਸਮੇਂ ਮਨੁੱਖੀ, ਸਮਾਜਕ ਸਰਗਰਮੀ ਹੈ।”VII ਭਾਵ ਕਿ ਚੇਤਨਾ ਅਜਿਹਾ ਗੁਣ ਹੈ ਜਿਹੜਾ ਸਮਾਜਿਕ ਪ੍ਰਬੰਧ ਕਾਰਨ ਮਨੁੱਖ ਵਿੱਚ ਉਪਜਦਾ ਹੈ ਅਤੇ ਉਹ ਪਦਾਰਥ ਦੇ ਗੁਣ ਜਜ਼ਬ ਅਤੇ ਪ੍ਰਵਰਤਿਤ ਕਰਨ ਦਾ ਹੀ ਉਚਤਮ ਰੂਪ ਹੈ। ਇਹ ਜਜ਼ਬ ਅਤੇ ਪ੍ਰਵਰਤਿਤ ਕਰਨ ਦਾ ਗੁਣ ਜੀਵਿਤ ਪਦਾਰਥ ਵਿੱਚ “ਰੂਹ” ਅਤੇ “ਆਤਮਾ” ਦੇ ਰੂਪ ਵਿੱਚ ਹਨ ਅਤੇ  ਮਨੁੱਖ ਵਿੱਚ ਇਹ ਗੁਣ ਹੋਰ ਉਚੇਰੇ ਰੂਪ ਵਿੱਚ “ਮਨ” ਅਤੇ “ਚੇਤਨਾ” ਹਨ। ਇਹ ਚੇਤਨਾ ਹੀ ਮਨੁੱਖ ਵਿੱਚ “ਬੋਲੀ” ਬਣਦੀ ਹੈ। ਸਪਸ਼ਟਤਾ ਲਈ ਇੱਕ ਹੋਰ ਹਵਾਲਾ ਦੇਖਦੇ ਹਾਂ। “ਚੇਤਨਾ ਮਨੁੱਖੀ ਸਾਂਝੀ ਸਰਗਰਮੀ ਦੀ ਪ੍ਰਾਪਤੀ ਲਈ, ਸਮੂਹ ਨੂੰ ਇਕੱਠਾ ਰੱਖਣ ਲਈ ਇਸ਼ਾਰੇ, ਧਿਆਨ ਖਿੱਚਣ ਲਈ ਆਵਾਜ ਅਤੇ ਇਸ਼ਾਰੇ ਅਤੇ ਬੋਲੀ ਹੈ। ਇਹ ਅਮਲ ਦੇ ਠੋਸ ਅਨੁਭਵਾਂ ਨੂੰ ਅਮੂਰਤ ਧਾਰਨਾਵਾਂ ਵਿੱਚ ਜਮ੍ਹਾਂ ਕਰਨਾ ਅਤੇ ਮੁੜ ਪ੍ਰਗਟਾਉਣ ਦਾ ਗੁੰਝਲਦਾਰ ਵਰਤਾਰਾ ਹੈ। ਇਹ ਮਨੁੱਖੀ ਵਿਕਾਸ ਦੇ ਸਮਾਜਿਕ ਅਮਲ ਵਿੱਚ ਅਮੀਰ ਹੁੰਦਾ ਹੈ।”VIII ਹੁਣ ਪੂਰੀ ਪ੍ਰਕਿਰਿਆ ਨੂੰ ਏਂਗਲਜ਼ ਦੇ ਇਸ ਲੇਖ ਦੇ ਆਧਾਰ ‘ਤੇ ਸਮਝਿਆ ਜਾ ਸਕਦਾ ਹੈ। ਮਨੁੱਖ ਦੇ ਪੂਰਵਜਾਂ ਦੇ ਰੁੱਖਾਂ ਉੱਤੇ ਰਹਿਣ ਦੇ ਖਾਸ ਜੀਵਣ-ਢੰਗ ਨਾਲ ਉਹਨਾਂ ਦੇ ਹੱਥਾਂ ਦੀ ਬਨਾਵਟ ਵਿੱਚ ਪੈਰਾਂ ਨਾਲੋਂ ਖਾਸ ਫਰਕ ਹੋਣ ਕਰਕੇ ਹੋਲੀ-ਹੋਲੀ ਹੱਥ ਦੇ ਕਾਰਜ ਵਿੱਚ ਫਰਕ ਆ ਗਿਆ ਹੋਵੇਗਾ ਅਤੇ ਇਹ ਫਰਕ ਹੀ ਉਸ ਲਈ ਜਮੀਨ ਉੱਤੇ ਸਿੱਧਾ ਤੁਰਨ ਵਿੱਚ ਸਹਾਈ ਹੋਇਆ। ਜਦੋਂ ਉਹਨੇ ਸਿੱਧਾ ਤੁਰਨਾ ਸ਼ੁਰੂ ਕੀਤਾ ਤਾਂ ਉਹਨੇ ਖੁਰਾਕ ਇੱਕਠੀ ਕਰਨ ਵਿੱਚ ਹੱਥਾਂ ਦੀ ਵਰਤੋਂ ਕੀਤੀ ਅਤੇ ਜੋ ਅੱਗੇ ਜਾ ਕਿ ਸੰਦ ਵਰਤਨ ਅਤੇ ਸੰਦ ਬਣਾਉਣ ਵਿੱਚ ਸਹਾਈ ਹੋਏ, ਜਿਸਨੂੰ ਕਿਰਤ ਦੀ ਉਤਪਤੀ ਕਿਹਾ ਜਾਂਦਾ ਹੈ। ਇਥੇ ਖੁਰਾਕ ਦੀ ਮਹੱਤਤਾ ਆਉਂਦੀ ਹੈ ਅਤੇ ਪਸ਼ੂਆਂ ਵੱਲੋਂ ਕਿਸੇ ਇੱਕ ਖੇਤਰ ਵਿੱਚਲੀ ਸਾਰੀ ਬਨਸਪਤੀ ਨੂੰ ਹਜਮ ਕਰਕੇ – ਜਿਸਨੂੰ ਲੇਖ ਵਿੱਚ predatory economy ਕਿਹਾ ਗਿਆ ਹੈ – ਖੁਰਾਕ ਲਈ ਆਪਣੇ ਸਥਾਨਅੰਤਰਣ ਦਾ ਗੁਣ ਮਹੱਤਵਪੂਰਨ ਹੈ। ਨਵੀਂ ਖੁਰਾਕ ਨਵੇਂ ਰਸਾਇਣਿਕ ਗੁਣਾਂ ਨਾਲ ਸਰੀਰਕ ਸੰਰਚਨਾ ‘ਚ ਨਵੇਂ ਸਿਫਤੀ ਗੁਣ ਪੈਦਾ ਕਰਦੀ ਹੈ। ਇਹੀ ਗੁਣ ਹਨ ਜਿਹਨਾਂ ਮਨੁੱਖ ਨੂੰ ਬਾਕੀ ਜੀਵ ਜਗਤ ਤੋਂ ਵੱਖਰਾ ਕੀਤਾ। ਸਾਡੇ ਪੂਰਵਜ ਝੁੰਡਾਂ ਵਿੱਚ ਰਹਿੰਦੇ ਸਨ। ਦੂਜੇ ਜੀਵਾਂ ਵਾਂਗੂੰ ਹੀ ਉਹ ਸੰਚਾਰ ਦਾ ਕੋਈ ਸਾਧਨ ਵਰਤਦੇ ਹੋਣਗੇ। ਪਰ ਬੋਲੀ ਜੋ ਕਿ ਮਨੁੱਖੀ ਨਾਦ-ਯੰਤਰ ਦੀ ਉਪਜ ਹੁੰਦੀ ਹੈ, ਉਹ ਸਿਰਫ ਮਨੁੱਖੀ ਗੁਣ ਹੈ ਜੋ ਨਿਸ਼ਚਿਤ ਹੀ ਮਨੁੱਖ ਦੇ ਵਿਕਾਸ ਵਿੱਚ “ਕਿਰਤ” ਵੱਲੋਂ ਪਾਇਆ ਸਭ ਤੋਂ ਵੱਡਾ ਯੋਗਦਾਨ ਹੈ। ਜੋ ਮਨੁੱਖ ਦੀ ਲੋੜ ਵਿੱਚੋਂ ਉਪਜੀ ਹੈ। ਮਨੁੱਖ ਨੇ ਖੁਰਾਕ ਦੀ ਪੂਰਤੀ ਲਈ ਪਸ਼ੂਆਂ ਨੂੰ ਪਾਲਤੂ ਬਣਾਉਣ ਦਾ ਗੁਣ ਹਾਸਲ ਕਰ ਲਿਆ ਸੀ, ਜਿੰਨ੍ਹਾਂ ਤੋਂ ਉਹਨੂੰ ਮਾਸ ਅਤੇ ਦੁੱਧ ਦੀ ਪ੍ਰਾਪਤੀ ਹੋਈ, ਅੱਗ ‘ਤੇ ਕਾਬੂ ਪਾਇਆ, ਮਾਸ ਪਕਾ ਕੇ ਖਾਣਾ, ਉਹਦੇ ਲਈ ਪਹਿਲਾਂ ਤੋਂ ਪਚਣ ਲਈ ਤਿਆਰ ਭੋਜਣ ਸੀ ਅਤੇ ਦੁੱਧ ਨਾਲ ਦਾਖਲ ਹੋਏ ਤੱਤ ਆਦਿ ਸਭ ਉਹਦੇ ਵਿਕਾਸ ਦੀ ਮਜਬੂਤ ਪੌੜ੍ਹੀਆਂ ਸਨ। ਜਿਸਨੇ ਉਹਦੇ ਸਰੀਰ, ਦਿਮਾਗ ਅਤੇ ਬੋਲੀ ਦਾ ਵਿਕਾਸ ਕੀਤਾ।

          ਏਂਗਲਜ਼ ਨੇ ਲੇਖ ਵਿੱਚ ਦੱਸਿਆ ਕਿ ਕਿਵੇਂ ਮਨੁੱਖੀ ਇਤਿਹਾਸ ਵਿੱਚ ਵਿਚਾਰਵਾਦੀ ਦ੍ਰਿਸ਼ਟੀਕੋਣ ਦਾ ਜਨਮ ਹੋਇਆ, ਉਹ ਲਿਖਦੇ ਹਨ “ਹੱਥਾਂ, ਬੋਲਣ ਦੇ ਅੰਗਾਂ ਅਤੇ ਦਿਮਾਗ ਦੇ ਆਪਸੀ ਸਹਿ-ਕਾਰਜ ਕਰਕੇ ਕੇਵਲ ਹਰ ਵਿਅਕਤੀ ਵਿੱਚ ਹੀ ਨਹੀਂ ਸਗੋਂ ਸਮਾਜ ਵਿੱਚ ਵੀ ਮਨੁੱਖ ਵੱਧ ਤੋਂ ਵੱਧ ਗੁੰਝਲਦਾਰ ਕੰਮ ਸਿਰੇ ਚਾੜ੍ਹਨ ਦੇ ਕਾਬਿਲ ਹੋਇਆ ਅਤੇ ਆਪਣੇ ਸਾਹਮਣੇ ਉਚੇ ਤੋਂ ਉੱਚੇ ਟੀਚੇ ਰੱਖਣ ਅਤੇ ਉਹਨਾਂ ਨੂੰ ਪ੍ਰਾਪਤ ਕਰਨ ਵਿੱਚ ਸਫਲ ਹੋ ਗਿਆ। ਹਰ ਪੀੜ੍ਹੀ ਦਾ ਕੰਮ ਵਧੇਰੇ ਭਿੰਨ, ਵਧੇਰੇ ਨਿਪੁੰਨ ਅਤੇ ਵਧੇਰੇ ਵੰਨ – ਸਵੰਨਾ ਹੋ ਗਿਆ। ਸ਼ਿਕਾਰ ਅਤੇ ਪਸ਼ੂ-ਪਾਲਣ ਦੇ ਨਾਲ ਨਵੇਂ ਖੇਤੀ ਦੇ ਕੰਮ ਦਾ ਵੀ ਵਾਧਾ ਹੋਇਆ। ਫਿਰ ਕਤਾਈ, ਉਣਾਈ, ਧਾਤਾਂ ਦਾ ਕੰਮ, ਮਿੱਟੀ ਦੇ ਭਾਂਡੇ ਬਣਾਉਣਾ ਅਤੇ ਕਿਸ਼ਤੀਰਾਨੀ ਆਏ। ਵਪਾਰ ਅਤੇ ਸਨਅਤ ਦੇ ਨਾਲ ਅੰਤ ਕਲਾ ਅਤੇ ਵਿਗਿਆਨ ਸਾਹਮਣੇ ਆਈਆਂ। ਕਬੀਲੇ, ਕੌਮਾਂ ਅਤੇ ਰਿਆਸਤਾਂ ਵਿੱਚ ਵਿਕਸਿਤ ਹੋਏ। ਕਾਨੂੰਨ ਅਤੇ ਰਾਜਨੀਤੀ ਉੱਭਰੇ ਅਤੇ ਫਿਰ ਮਨੁੱਖੀ ਚੀਜਾਂ ਦਾ ਮਨੁੱਖੀ ਮਨ ਵਿੱਚ ਖਿਆਲੀ ਪ੍ਰਤੀਬਿੰਬ: ਧਰਮ। ਇਹਨਾਂ ਸਭਨਾਂ ਤਸਵੀਰਾਂ ਦੇ ਸਨਮੁੱਖ, ਜਿਹੜੀਆਂ ਪਹਿਲੀ ਨਜਰੇ ਮਨੁੱਖੀ ਮਨ ਦੀਆਂ ਉਪਜਾਂ ਜਾਪਦੀਆਂ ਹਨ ਅਤੇ ਮਨੁੱਖੀ ਸਮਾਜਾਂ ਉੱਤੇ ਭਾਰੂ ਜਾਪਦੀਆਂ ਸਨ, ਇਹਨਾਂ ਦਾ ਕਿਰਤੀ ਹੱਥਾਂ ਦੀ ਉਪਜ ਹੋਣ ਦੀ ਗੱਲ ਨੂੰ ਪਿੱਛੇ ਪਾ ਦਿੱਤਾ ਗਿਆ,  ਅਜਿਹਾ ਇਸ ਲਈ ਹੋਰ ਵੀ ਵਧੇਰੇ ਹੋਇਆ ਕਿ ਸਮਾਜ ਦੇ ਵਿਕਾਸ ਬਹੁਤ ਹੀ ਮੁੱਢਲੇ ਪੜਾਅ ਉੱਤੇ ਹੀ (ਮਿਸਾਲ ਵਜੋਂ ਆਦਿ ਪਰਿਵਾਰ ਵਿੱਚ ਹੀ) ਦਿਮਾਗ ਜਿਹੜਾ ਕਿਰਤ ਨੂੰ ਨੇਮ-ਬੱਧ ਕਰਦਾ ਸੀ, ਨਿਯਮਤ ਕੀਤੀ ਕਿਰਤ ਆਪਣੇ ਤੋਂ ਬਿਨਾਂ ਦੂਜੇ ਹੱਥਾਂ ਤੋਂ ਕਰਵਾ ਸਕਦਾ ਸੀ। ਸਭਿੱਅਤਾ ਦੀ ਤਿੱਖੀ ਉੱਨਤੀ ਦਾ ਸਮੁੱਚਾ ਸਿਹਰਾ ਮਨ ਦੇ, ਦਿਮਾਗ ਦੇ ਵਿਕਾਸ ਅਤੇ ਸਰਗਰਮੀ ਦੇ ਸਿਰ ਬੰਨ੍ਹ ਦਿੱਤਾ। ਮਨੁੱਖ ਆਪਣੇ ਕੰਮ ਦੀ ਵਿਆਖਿਆ ਆਪਣੀਆਂ ਲੋੜਾਂ ਤੋਂ ਉਪਜੀ ਹੋਣ ਦੀ ਬਜਾਇ ਆਪਣੇ ਵਿਚਾਰਾਂ ਤੋਂ ਉਪਜੀ ਹੋਣ ਦੇ ਤੌਰ ‘ਤੇ ਕਰਨ ਦਾ ਆਦੀ ਹੋ ਗਿਆ (ਜਿਹੜੀਆਂ ਕਿ ਹਰ ਹਾਲਤ ਵਿੱਚ ਮਨ ਅੰਦਰ ਪ੍ਰਤੀਬਿੰਬਤ ਹੁੰਦੀਆਂ ਹਨ); ਅਤੇ ਇਸ ਤਰ੍ਹਾਂ ਸਮੇਂ ਨਾਲ ਵਿਚਾਰਵਾਦੀ ਦ੍ਰਿਸ਼ਟੀਕੋਣ ਉਤਪੰਨ ਹੋਇਆ ਜਿਹੜਾ ਕਿ, ਵਿਸ਼ੇਸ਼ ਤੌਰ ‘ਤੇ ਪੁਰਾਤਨਾ ਦੇ ਸਮਾਜ ਦੇ ਅੰਤ ਤੋਂ ਹੀ ਮਨੁੱਖੀ ਮਨ ‘ਤੇ ਭਾਰੂ ਰਿਹਾ ਹੈ। ਇਹ ਅੱਜ ਵੀ ਇਸ ਹੱਦ ਤੱਕ ਭਾਰੂ ਹੈ ਕਿ ਡਾਰਵੀਨੀ ਸਕੂਲ ਦੇ ਸਭ ਤੋਂ ਵੱਧ ਪਦਾਰਥਕ-ਕੁਦਰਤ ਵਿਗਿਆਨੀ ਵੀ ਮਨੁੱਖ ਦੇ ਆਦਿ (origin) ਸੰਬੰਧੀ ਸਪੱਸ਼ਟ ਵਿਚਾਰ ਨਹੀਂ ਬਣਾ ਸਕੇ, ਕਿਉਂਕਿ ਇਸ ਵਿਚਾਰਵਾਦੀ ਅਸਰ ਅਧੀਨ ਉਹ ਇਹਦੇ ਵਿੱਚ ਕਿਰਤ ਵੱਲੋਂ ਨਿਭਾਈ ਭੂਮਿਕਾ ਨੂੰ ਨਹੀਂ ਸਮਝਦੇ।”IX ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਏਂਗਲਜ ਬੜੇ ਸੰਖੇਪ ਸ਼ਬਦਾਂ ਵਿੱਚ ਮਨੁੱਖੀ ਕਿਰਤ ਕਰਕੇ ਹੀ ਕਲਾ, ਵਿਗਿਆਨ, ਕਾਨੂੰਨ, ਰਿਆਸਤ, ਧਰਮ ਅਤੇ ਵਿਚਾਰਵਾਦੀ ਦ੍ਰਿਸ਼ਟੀਕੋਣ ਉਤਪੰਨ ਹੋਇਆ ਦੱਸਦੇ ਹਨ, ਮਨੁੱਖੀ ਕਿਰਤ ਦੇ ਯੋਗਦਾਨ ਨੂੰ ਸਮਝਣ ਤੋਂ ਊਣੇਂ ਰਹਿਣ ਕਾਰਨ ਹੀ, ਬਹੁਤ ਲੋਕ ਮਨੁੱਖੀ ਦੀ ਉੱਤਪਤੀ ਦੇ ਸਹੀ ਕਾਰਨਾਂ ਨੂੰ ਵੀ ਸਮਝਣ ‘ਚ ਅਸਮਰਥ ਰਹਿ ਜਾਂਦੇ ਹਨ ਅਤੇ ਇਸੇ ਕਰਕੇ ਮਨੁੱਖ ਦੀ ਉਤਪਤੀ ਦੇ ਵਿਚਾਰਵਾਦੀ ਵਿਖਆਨਾਂ ਦੀ ਉਲਝਣ ਪੈਦਾ ਹੋ ਜਾਂਦੀ ਹੈ।

          ਲੇਖ ਵਿੱਚ ਅੱਗੇ ਕੁਦਰਤ ਦੇ ਉਸ ਨੇਮ ਬਾਰੇ ਜਾਣਕਾਰੀ ਆਉਂਦੀ ਹੈ। ਜਿਸ ਕਰਕੇ ਇਹ ਕਿਹਾ ਜਾਂਦਾ ਹੈ ਕਿ ‘ਕੁਦਰਤ ਆਪਣੇ ਉੱਤੇ ਹੋਏ ਵਾਰ ਦਾ ਮੋੜਵਾਂ ਬਦਲਾ ਲੈਂਦੀ ਹੈ’, ਜਦੋਂ ਮਨੁੱਖ ਕੁਦਰਤੀ ਹਾਲਤਾਂ ‘ਚ ਤਬਦੀਲੀ ਲਿਆਉਂਦਾ ਹੈ ਤਾਂ ਕੁਦਰਤ ਵੀ ਬਰਾਬਰ ਉਹਦਾ ਉਲਟ ਪ੍ਰਭਾਵ ਸਿਰਜਦੀ ਹੈ। ਕੁਦਰਤ ‘ਚ ਸਭ ਕੱਝ ਪਦਾਰਥ ਦੇ ਵਿਕਾਸ ਦੇ ਨੇਮਾਂ ਅਨੁਸਾਰ ਚਲਦਾ ਹੈ, ਕੁਦਰਤ ਦਾ ਸਾਰ ਪਦਾਰਥਕ-ਗਤੀ ਹੈ, ਜਜਬ ਅਤੇ ਪ੍ਰਤੌਅ ਪਦਾਰਥ ਦੇ ਗੁਣ ਹਨ। “ਪਰ ਕੁਦਰਤ ਉੱਤੇ ਮਨੁੱਖੀ ਜਿੱਤਾਂ ‘ਤੇ ਅਸੀਂ ਹੱਦੋਂ ਵੱਧ ਖੁਸ਼ ਨਾ ਹੋਈਏ, ਹਰ ਇੱਕ ਜਿੱਤ ਦੀ ਇਵਜ ਵਿੱਚ ਕੁਦਰਤ ਸਾਡੇ ਤੋਂ ਬਦਲਾ ਲੈਂਦੀ ਹੈ। ਇਹ ਸੱਚ ਹੈ ਕਿ ਹਰ ਇੱਕ ਜਿੱਤ ਦੇ ਫੌਰੀ ਸਿੱਟੇ ਸਾਡੀ ਇੱਛਾ ਅਨੁਸਾਰ ਹੁੰਦੇ ਹਨ, ਪਰ ਦੂਸਰੀ ਅਤੇ ਤੀਸਰੀ ਥਾਂ ‘ਤੇ ਇਹ ਆਸੋਂ ਉਲਟ ਹੁੰਦੇ ਹਨ, ਜੋ ਪਹਿਲੋਂ ਅਣਕਿਆਸੇ ਹੁੰਦੇ ਹਨ ਅਤੇ ਪਹਿਲਿਆਂ ਨੂੰ ਰੋਂਦ ਦਿੰਦੇ ਹਨ।”X ਏਂਗਲਜ਼ ਉਦਾਹਰਨ ਦੇ ਕੇ ਦੱਸਦੇ ਹਨ ਕਿ ਕਿਵੇਂ ਪੁਰਾਤਨ ਸਭਿੱਅਤਾਵਾਂ ਨੇ ਖੇਤੀ ਯੋਗ ਜਮੀਨ ਤਿਆਰ ਕਰਨ ਲਈ ਜੰਗਲਾਂ ਨੂੰ ਵੱਡਿਆ ਤੇ ਨਾਲ ਹੀ ਪਾਣੀ ਦੇ ਸੋਤਿਆਂ ਨੂੰ ਗਵਾ ਲਿਆ, ਇਟਲੀ ‘ਚ ਪੈਂਦੀਆਂ ਐਲਪ ਪਰਬਤਾਂ ਦੀ ਦੱਖਣੀ ਢਲਾਣਾਂ ਤੋਂ ਦਰਖਤ ਵੱਢਣ ਨਾਲ ਉਹਨਾਂ ਦੁੱਧ ਦੀ ਸਨਅਤ ਦੀਆਂ ਜੜ੍ਹਾਂ ਵੱਢ ਦਿੱਤੀਆਂ। ਯੂਰਪ ਵਿੱਚ ਆਲੂਆਂ ਦੀ ਆਮਦ ਕਾਰਨ ਗਲਗੰਡਾਂ (Scrofula) ਰੋਗ ਫੈਲਿਆ, ਕਿਉਬਾ ‘ਚ ਜੰਗਲ ਸਾੜ ਕੇ ਕੀਤੀ ਕੌਫੀ ਦੀ ਖੇਤੀ ਲਈ ਸਾੜੇ ਗਏ ਜੰਗਲਾਂ ਦੀ ਸੁਆਹ ਦੀ ਖਾਦ ਨੇ ਪਹਿਲਾਂ ਤਾਂ ਚੰਗੀ ਫਸਲ ਦਿੱਤੀ ਪਰ ਬਾਅਦ ਵਿੱਚ ਮਿੱਟੀ ਨੂੰ ਜਕੜੀ ਰੱਖਣ ਵਾਲੇ ਦਰਖਤਾਂ ਦੀ ਅਣਹੋਂਦ ਕਾਰਨ ਮਿੱਟੀ ਵਹਿ ਗਈ ਤੇ ਪਿੱਛੇ ਰੁੰਡ-ਮਰੁੰਡ ਢਲਾਣ੍ਹਾਂ ਛੱਡ ਗਈ। ਇਸ ਸਭ ਇਸ ਲਈ ਕਿ ਕੁਦਰਤ ਅਸਾਂਵੇਪਣ ਤੋਂ ਸਮਾਨਤਾ ਵੱਲ ਨੂੰ ਵਿਕਾਸ ਕਰਦੀ ਹੈ। ਸੌਖੇ ਸ਼ਬਦਾਂ ਵਿੱਚ ਕਹਿਣਾ ਹੋਵੇਂ ਤਾਂ ਇੱਕ ਥਾਂ ‘ਤੇ ਡੱਕਿਆ ਪਾਣੀ ਇੱਕ ਸਮੇਂ ‘ਤੇ ਆਪਣੇ ਲਈ ਨਵਾਂ ਰਾਹ ਬਣਾ ਲੈਂਦਾ ਹੈ।  ਪਰ ਏਂਗਲਜ ਕੁਦਰਤ ਦੇ ਨਿਯਮਾਂ ਨੂੰ ਵਿਚਾਰਵਾਦੀ ਦ੍ਰਿਸ਼ਟੀਕੋਣ ਵਾਂਗੂੰ ਸਨਸਨੀ ਦੇ ਰੂਪ ਵਿੱਚ ਪੇਸ਼ ਨਹੀਂ ਕਰਦੇ ਬਲਕਿ ਉਹ ਉਹਨਾਂ ਦੀ ਸਹੀ ਸਮਝ ਹਾਸਲ ਕਰਨ ‘ਤੇ ਜੋਰ ਪਾਉਂਦਿਆਂ ਦੱਸਦੇ ਹਨ ਕਿ 1847 ਵਿੱਚ ਆਇਰਲੈਂਡ ‘ਚ ਆਲੂਆਂ ਦੀ ਫਸਲ ਤਬਾਅ ਹੋਣ ਜਾਣ ਕਾਰਨ ਮਰਨ ਵਾਲਿਆਂ ਕਿਰਤੀਆਂ ਦੀ ਮਾਤਰਾ ਗਲਗੰਢਾਂ ਦੇ ਸ਼ਿਕਾਰ ਹੋਏ ਲੋਕਾਂ ਤੋਂ ਕਿਤੇ ਵਧੇਰੇ, ਉਹ ਅਗਾਹ ਕਰਦੇ ਹਨ ਕਿ ਕੁਦਰਤ ਦੇ ਨੇਮਾਂ ਤੋਂ ਡਰਨ ਦੀ ਬਜਾਇ ਇਹਨਾਂ ਦੀ ਬਿਹਤਰ ਸਮਝ ਨਾਲ ਅਜਿਹੇ ਤਬਾਹਕਾਰੀ ਨਤੀਜਿਆਂ ਤੋਂ ਬਚਿਆ ਜਾ ਸਕਦਾ ਹੈ, ਬ-ਸ਼ਰਤ-ਏ ਮਨੁੱਖੀ ਉਦੇਸ਼ ਸਿਰਫ ਫੌਰੀ ਮੁਨਾਫਾ ਨਾ ਹੋਵੇ ਸਗੋਂ ਇਹਨਾਂ ਦੀ ਵਰਤੋਂ ਸਮਾਜਿਕ ਟੀਚਿਆਂ ਲਈ ਹੋਵੇ।

ਉਹਨਾਂ ਲਿਖਿਆ ਹੈ ਕਿ ਜਿਵੇਂ ਇੱਕ ਸਮੇਂ ਅਰਬੀ ਲੋਕਾਂ ਵੱਲੋਂ ਕੀਤੀ ਸ਼ਰਾਬ ਦੀ ਕਾਢ ਅਮਰੀਕੀ ਆਦਿ ਵਾਸੀਆਂ ਲਈ ਤਬਾਹੀ ਦਾ ਕਾਰਨ ਬਣੀ, ਕੋਲੰਬਸ ਦਾ ਲੱਭਿਆ ਅਮਰੀਕਾ ਗੁਲਾਮੀ ਦੀ ਅਤਿ ਘਿਨੌਣੀ ਪ੍ਰਥਾ ਦਾ ਗਵਾਹ ਬਣਿਆ। ਕਈ ਵਾਰੀ ਕੋਈ ਖੋਜ ਕਰਨ ਵਾਲਾ ਉਹਦੇ ਨਤੀਜਿਆਂ ਤੋਂ ਵਾਕਿਫ ਨਹੀਂ ਹੁੰਦਾ ਕਿਉਂਕਿ ਪਹਿਲਾ ਉਦੇਸ਼ ਫੌਰੀ ਸਿੱਟੇ ਪ੍ਰਾਪਤ ਕਰਨਾ ਹੁੰਦਾ ਹੈ। ਉਹਨਾਂ ਭਾਫ ਦੇ ਇੰਜਣ ਸਿਰਜਣਾ ਨਾਲ ਆਏ ਸਮਾਜਿਕ ਇਨਕਲਾਬ ਬਾਰੇ ਲਿਖਿਆ, “ਸਤਾਰ੍ਹਵੀਂ ਅਤੇ ਅਠਾਰ੍ਹਵੀ ਸਦੀ ਵਿੱਚ ਜਿੰਨ੍ਹਾਂ ਵਿਅਕਤੀਆਂ ਨੇ ਭਾਫ ਵਾਲਾ ਇੰਜਣ ਬਣਾਉਣ ਲਈ ਮਿਹਨਤ ਕੀਤੀ, ਉਹਨਾਂ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਉਹ ਅਜਿਹਾ ਔਜਾਰ ਤਿਆਰ ਕਰ ਰਹੇ ਹਨ ਜਿਹੜਾ ਪੂਰੇ ਸੰਸਾਰ ਵਿੱਚ, ਕਿਸੇ ਵੀ ਹੋਰ ਨਾਲੋਂ, ਸਮਾਜਿਕ ਰਿਸ਼ਤਿਆਂ ਵਿੱਚ ਸਭ ਤੋਂ ਵੱਧ ਇਨਕਲਾਬ ਲਿਆਵੇਗਾ। ਖਾਸ ਕਰਕੇ ਯੂਰਪ ਵਿੱਚ, ਘਟਗਿਣਤੀ ਦੇ ਹੱਥਾਂ ਵਿੱਚ ਦੌਲਤ ਨੂੰ ‘ਕੱਠਿਆਂ ਕਰਕੇ ਬਹੁ-ਗਿਣਤੀ ਨੂੰ ਉਸ ਦੌਲਤ ‘ਤੋਂ ਬੇਦਖਲ ਕਰ ਦੇਵੇਗਾ। ਇਸ ਔਜਾਰ ਤੋਂ ਪਹਿਲੀ ਮੰਸ਼ਾ ਤਾਂ ਬੂਰਜੂਆਜੀ ਨੂੰ ਸਮਾਜੀ ਅਤੇ ਸਿਆਸੀ ਗਲਬਾ ਦੇਣਾ ਸੀ, ਪਰ ਮਗਰੋਂ, ਇਹਨੇ ਬੁਰਜੂਆਜੀ ਅਤੇ ਪ੍ਰੋਲੇਤਾਰੀ ਵਿਚਕਾਰ ਵਰਗ-ਸੰਘਰਸ਼ ਨੂੰ ਜਨਮ ਦਿੱਤਾ, ਜਿਹਦਾ ਅੰਤ ਬੁਰਜੂਆਜੀ ਦੇ ਤਖਤਾ ਪਲਟਣ ਨਾਲ ਅਤੇ ਜਮਾਤੀ ਵਿਰੋਧਾਂ ਦਾ ਅੰਤ ਕਰਨ ਨਾਲ ਹੀ ਹੋਣਾ ਹੈ।”XI

ਉਹਨਾਂ ਲਿਖਿਆ ਕਿ ਸਰਮਾਏਦਾਰੀ ਸਮੇਤ ਹੁਣ ਤੱਕ ਦੇ ਸਾਰੇ ਆਰਥਿਕ ਪ੍ਰਬੰਧਾਂ ਦਾ ਉਦੇਸ਼ ਫੌਰੀ ਸਿੱਟੇ ਪ੍ਰਾਪਤ ਕਰਨਾ ਰਿਹਾ ਹੈ, ਉਹਨਾਂ ਸਿੱਟਿਆਂ ਤੋਂ ਅੱਗੇ ਜਾ ਕੇ ਦੇਖਣਾਂ ਉਹਨਾਂ ਦਾ ਉਦੇਸ਼ ਨਹੀਂ। ਇਸ ਤਰ੍ਹਾਂ ਉਹਨਾਂ ਸਪੱਸ਼ਟ ਕੀਤਾ ਕਿ ਕੁਦਰਤ ਦੇ ਨੇਮਾਂ ਕਰਕੇ ਹੀ ਜੀਵ ਜਗਤ ‘ਤੋਂ ਮਨੁੱਖ ਦੀ ਉੱਤਪਤੀ ਹੋਈ ਅਤੇ ਇਹਦੀ ਮੁਕਤੀ ਵੀ ਕੁਦਰਤ ਦੇ ਨੇਮਾਂ ਅਨੁਸਾਰ ਹੀ ਹੋਣੀ ਹੈ। ਕਿਉਂਕਿ ਕੁਦਰਤ ਦੇ ਨੇਮਾਂ ਵਿੱਚ ਅਸੰਤੁਲਨ ਲਈ ਕੋਈ ਥਾਂ ਨਹੀਂ। ਮਨੁੱਖ ਵੱਲੋਂ ਕੁਦਰਤ ਦੇ ਨੇਮਾਂ  ਦੀ ਜਾਣਕਾਰੀ ਹਾਸਲ ਕਰਕੇ ਅਤੇ ਉਹਨਾਂ ‘ਤੇ ਜਿੱਤ ਪ੍ਰਾਪਤ ਕਰਕੇ ਹੀ ਹਰ ਨਵੀਂ ਖੋਜ ਅਤੇ ਕਾਢ ਕੱਢੀ ਗਈ, ਪਰ ਇਹਨਾਂ ਨਾਲ ਛੇੜ-ਛਾੜ ਸੰਤੁਲਨ ਖਰਾਬ ਕਰਦੀ ਹੈ ਅਤੇ ਗਲਤ ਨਤੀਜੇ ਸਿਰਜਦੀ ਹੈ। ਸਰਮਾਏਦਾਰੀ ਆਰਥਿਕ ਪ੍ਰਬੰਧ ਵਿੱਚ ਦੌਲਤ ਦੀ ਅਸਾਵੀਂ ਵੰਡ ਵੀ ਕੁਦਰਤ ਦੇ ਸੰਤੁਲਨ ਦੇ ਨਿਯਮ ਦੀ ਖਿਲਾਫਤ ਹੈ ਅਤੇ ਇਹਦਾ ਅੰਤ ਅਵੱਸ਼ ਹੀ ਸਰਮਾਏਦਾਰੀ ਦੇ ਖਾਤਮੇ ਨਾਲ ਹੋਣਾ ਹੈ ਅਤੇ ਮਨੁੱਖ ਦੀ ਖੁਸ਼ਹਾਲੀ ਦਾ ਰਾਹ ਜਮਾਤੀ ਵੰਡ ਦੇ ਖਾਤਮੇ ਵਿੱਚ ਹੈ, ਜੋ ਕਿ ਏਂਗਲਜ ਆਪਣੀ ਇਸ ਕਿਰਤ ਵਿੱਚ ਦਰਜ ਕਰਦੇ ਹਨ।

ਕਿਸੇ ਰਚਨਾ ਦੀ ਮਹੱਤਤਾ ਉਸ ਵੱਲੋਂ ਆਪਣੇ ਵਿਸ਼ੇ ਦਾ ਸਮੁੱਚਾ ਅਧਿਐਨ ਪੇਸ਼ ਕਰਦਿਆਂ ਉਸਦੇ ਸਾਰੇ ਵਿਗਿਆਨਕ ਸਿੱਟਿਆਂ ਨੂੰ ਸਾਹਮਣੇ ਲਿਆਉਣ ਵਿੱਚ ਹੁੰਦੀ ਹੈ ਜੋ ਇਹ ਮਹਾਨ ਰਚਨਾ ਬਿਨਾਂ-ਸ਼ੱਕ ਸਾਹਮਣੇ ਰੱਖਦੀ ਹੈ।

ਇਸ ਤਰ੍ਹਾਂ ਇਹ ਲੇਖ ਅਧਿਐਨ ਕਰਨ ਵਾਲਿਆਂ ਲਈ ਮਾਰਕਸਵਾਦ ਦੇ ਦ੍ਰਿਸ਼ਟੀਕੋਣ, ਇਤਿਹਾਸਕ-ਪਦਾਰਥਵਾਦ ਦੀ ਸਮਝ ਨੂੰ ਪਕੇਰੇ ਕਰਨ ਲਈ ਇੱਕ ਅਹਿਮ ਸਾਧਨ ਸਾਬਤ ਹੁੰਦਾ ਹੈ। ਏਂਗਲਜ ਵੱਲੋਂ ਮਾਰਕਸਵਾਦ ਨੂੰ ਇਹ ਇੱਕ ਮਹਾਨ ਦੇਣ ਹੈ।  

ਇਹ ਰਚਨਾ ਇਸ ਕਦਰ ਬਹੁ-ਪਸਾਰੀ ਹੈ ਕਿ ਇਸ ਦੇ ਹਰ ਤੱਤ ਉੱਤੇ ਚਰਚਾ ਕਰਦਿਆਂ ਕਿਸੇ ਵੱਡ-ਆਕਾਰੀ ਗਰੰਥ ਦਾ ਆਕਾਰ ਵੀ ਛੋਟਾ ਰਹਿ ਸਕਦਾ ਹੈ। ਇਸ ਲਈ ਇਸ ਸੰਖੇਪ ਜਿਹੇ ਹੱਥਲੇ ਲੇਖ ਵਿੱਚ ਬਹੁਤ ਘਾਟਾਂ ਰਹਿ ਗਈਆਂ ਹੋਣਗੀਆਂ, ਜੋ ਸੁਭਾਵਿਕ ਹਨ।

ਫਰੈਡਰਿਕ ਏਂਗਲਜ ਦੀ ਇਸ ਮਹਾਨ ਰਚਨਾ ਦਾ ਅਨੁਵਾਦ ਪੰਜਾਬੀ ਪਾਠਕਾਂ ਲਈ ਉਪਲੱਬਧ ਹੈ। ਪਰ ਫਿਰ ਵੀ ਇਹਨੂੰ ਪੜ੍ਹਨ ਲਈ ਅੰਗਰੇਜੀ ਰੂਪ ਨੂੰ ਨਾਲੋ-ਨਾਲ ਵਾਚਣਾ ਚਾਹੀਦਾ ਹੈ। ਕਿਉਂਕਿ ਅੱਜਕੱਲ ਆਮ ਉਪਲੱਬਧ ਪੰਜਾਬੀ ਅਨੁਵਾਦ ਵਿੱਚ ਕੁੱਝ ਗੰਭੀਰ ਗਲਤੀਆਂ ਹਨ। ਉਦਾਹਰਨ ਵੱਜੋਂ ਉਸਦੇ ਪੰਨਾ 10 ਉੱਤੇ ਸ਼ਬਦ Artificial breeding ਦਾ ਜਿਸਦਾ ਪੰਜਾਬੀ ਅਨੁਵਾਦ ਬਨਾਉਟੀ ਨਸਲਕਸ਼ੀ ਬਣਦਾਹੈ, ਜਦਕਿ ਇਸਦਾ ਅਨੁਵਾਦ ਬਨਾਉਟੀ ਨਸਲਕੁਸ਼ੀ ਕੀਤਾ ਗਿਆ ਹੈ, ਨਸਲਕਸ਼ੀ ਦਾ ਸੰਬੰਧ ਸਿਰਜਣ ਨਾਲ ਹੈ ਜਦਕਿ ਨਸਲਕੁਸ਼ੀ ਦੇ ਅਰਥ ਵਿਨਾਸ਼ ਨਾਲ ਹਨ ਜੋ ਕਿ ਅਸਲ ਦੇ ਬਿਲਕੁੱਲ ਉਲਟ ਹਨ। ਇਸੇ ਤਰ੍ਹਾਂ ਇੱਕ ਥਾਂਵੇਂ idealistic ਦਾ ਅਨੁਵਾਦ ‘ਵਿਚਾਰਧਾਰਕ’ ਕੀਤਾ ਗਿਆ ਹੈ, ਜੋ ਕਿ ਸੰਦਰਭ ਪੱਖੋਂ ਬਿਲਕੁੱਲ ਵੀ ਠੀਕ ਨਹੀਂ, ਸਗੋਂ ਇਹਦਾ ਅਨੁਵਾਦ ‘ਵਿਚਾਰਵਾਦੀ’ ਹੋਵੇਗਾ। ਇਸੇ ਤਰ੍ਹਾਂ ਇੱਕ ਹੋਰ ਥਾਵੇਂ ਚਾਰਲਸ ਡਾਰਵਿਨ ਵੱਲੋਂ ਦਿੱਤੇ “Law of correlation of growth” ਦਾ  ਜਿਕਰ ਆਉਂਦਾ ਹੈ, ਇਸ ਦਾ ਪੰਜਾਬੀ ਅਨੁਵਾਦ “ਵਾਧੇ ਦੇ ਸਹਿ-ਸੰਬੰਧਾਂ ਦਾ ਨੇਮ” ਚਾਹੀਦਾ ਸੀ ਜਦਕਿ ਇਹਦਾ ਅਨੁਵਾਦ ਵਾਧੇ ਦੇ ਅੰਤਰ-ਸੰਬੰਧਾਂ ਦਾ ਨੇਮ ਕੀਤਾ ਗਿਆ ਹੈ, ਜੋ ਕਿ ਬਹੁਤ ਭੁਲੇਖਾ ਪਾਊ ਹੈ। ਸੋ ਇਹਨਾਂ ਕਾਰਨਾਂ ਕਰਕੇ ਇਹਨਾਂ ਸਿਧਾਂਤਕ ਲਿਖਤਾਂ ਨੂੰ ਪੜ੍ਹਨ ਵਾਲਿਆਂ ਲਈ ਗੁਜਾਰਿਸ਼ ਹੈ ਕਿ ਅੰਗਰੇਜੀ ਅਨੁਵਾਦ ਨੂੰ ਨਾਲ-ਨਾਲ ਜਰੂਰ ਵਾਚਦੇ ਰਹਿਣ। 

ਹਵਾਲੇ

I. Dialectics of Nature, Collected Works vol. 25. Marx-Engels. P. 452.
II.  ਉਹੀ. P. 454.
III.  ਉਹੀ. P. 454.
IV.  ਉਹੀ. P. 452.
V.  ਉਹੀ. P. 457.
VI. Germen Ideology, Collected Works Vol. 5. Marx-Engels. P. 44.
VII.  ਇਨਕਲਾਬੀ ਦਰਸ਼ਨ, ਜਗਰੂਪ. P. 58.
VIII.  ਉਹੀ. P. 57.
IX. Dialectics of Nature, Collected Works vol. 25. Marx-Engels. P. 458-459.
X. ਉਹੀ.  P. 460-461.
XI.  ਉਹੀ.  P. 462.

ਜਰੂਰੀ ਬੇਨਤੀ:- ਤੁਹਾਡੀ ਇਸ ਲੇਖ ਬਾਰੇ ਕੀ ਰਾਇ ਹੈ, ਲੇਖਕ ਦੇ Email ਪਤੇ ਉਪਰ ਜਾਂ ਫੋਨ ਨੰਬਰ/ਵੱਟਸ-ਐਪ ਰਾਹੀ ਜਰੂਰ ਦੱਸੋ ਅਤੇ ਇਸ ਬਲੋਗ ਨੂੰ ਫੋਲੋ ਜਰੂਰ ਕਰੋ ਅਤੇ ਜੇ ਤੁਹਾਨੂੰ ਇਹ ਲੇਖ ਚੰਗਾ ਲੱਗਾਂ ਤਾਂ ਇਹਨੂੰ ਆਪਣੇ ਸੱਜਣਾਂ ਨਾਲ ਸਾਂਝਾ ਜਰੂਰ ਕਰੋ।

ਲੇਖਕ ਦਾ ਸੰਪਰਕ:
Emailvarinder@pbi.ac.in
ਮੋਬਾਈਲ/ਵੱਟਸ-ਐਪ – 9478258283

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s