ਮੈਂ ਅਸਮਾਨਾਂ ਦੇ ਹਾਣ ਦੀ – ਦਿਕਸ਼ਾ*

ਜਿੰਦਗੀ ‘ਚ ਕੁੱਝ ਵੀ ਆਪਮੁਹਾਰੇ ਨਹੀਂ ਹੁੰਦਾ ਮੌਕਾ ਮੇਲ ਅਤੇ ਬਾਹਰਮੁੱਖੀ ਹਾਲਤਾਂ ਤੁਹਾਡੇ ਨਾਲ ਬੀਤਦੀਆਂ ਘਟਨਾਵਾਂ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਇਨਸਾਨ ਨੂੰ ਕਈ ਵਾਰ ਇਹ ਸਭ ਆਪਮੁਹਾਰਾ ਜਿਹਾ ਜਾਪਦਾ ਹੈ ਕਿਉਂਕਿ ਉਹ ਜਿਆਦਾਤਰ ਆਪਣੇ ਨਾਲ ਬੀਤ ਰਹੀਆਂ ਘਟਨਾਵਾਂ ਵੱਲ ਧਿਆਨ ਨਹੀਂ ਦਿੰਦਾ, ਇਸੇ ਤਰ੍ਹਾਂ ਦੇ ਮੌਕਾ ਮੇਲ ‘ਚੋਂ ਅਤੇ ਹਾਲਤਾਂ ਦੀ ਕੁੱਖ ‘ਚੋਂ ਨਿਕਲੀਆਂ ਕੁੱਝ ਯਾਦਾਂ ਨੂੰ ਸਹੇਜਣ ਲਈ ਮੈਂ ਅੱਜ ਕਲਮ ਚੁੱਕ ਰਹੀ ਹਾਂ।

ਜਿੰਦਗੀ ‘ਚ ਕੁੱਝ ਘਟਨਾਵਾਂ ਅਜਿਹੀਆਂ ਵਾਪਰਦੀਆਂ ਹਨ ਜਿਹੜੀਆਂ ਇਨਸਾਨ ਲਈ ਠੀਕ ਉਂਵੇਂ ਹੀ ਹੁੰਦੀਆਂ ਹਨ ਜਿਵੇਂ ਲੋਹੇ ਦਾ ਭੱਠੀ ‘ਚ ਤਪ ਕੇ ਮਜਬੂਤ ਹੋਰ ਮਜਬੂਤ ਹੋਣਾ ਹੁੰਦਾ ਹੈ। ਭਾਵੇਂ ਕਿ ਇਸ ਯਾਤਰਾ ਪਰਸੰਗ ਵਿੱਚ ਪੁਰਾਣੀਆਂ ਜਾਂ ਬਚਪਣ ਦੀਆਂ ਗੱਲਾਂ ਕਰਨੀਆਂ ਪੜ੍ਹਨ ਵਾਲੇ ਨੂੰ ਪਹਿਲੀ ਨਜਰੇ ਸ਼ਾਇਦ ਜਿਆਦਾ ਪਰਸੰਗਕ ਨਾ ਜਾਪਣ ਪਰ ਫਿਰ ਵੀ ਜਿਵੇਂ ਮੈਂ ਪਹਿਲਾਂ ਦੱਸਿਐ ਕਿ ਮਨੁੱਖ ਅਤੇ ਮਨੁੱਖੀ ਘਟਨਾਵਾਂ ਹਾਲਤਾਂ ਦੀ ਪੈਦਾਇਸ਼ ਹੁੰਦੀਆਂ ਹਨ ਤਾਂ ਕਿਸੇ ਵੀ ਹਾਲਾਤ ਦਾ ਮਨੁੱਖੀ ਜਿੰਦਗੀ ‘ਤੇ ਪ੍ਰਭਾਵ ਨੂੰ ਮਨਫੀ ਨਹੀਂ ਕਿਤਾ ਜਾ ਸਕਦਾ। ਇਸ ਤਰ੍ਹਾਂ ਮੇਰਾ ਵੀ ਬਚਪਨ ਦੇ ਡਰਪੋਕ ਜਿਹੇ ਅਤੇ ਆਪਣੇ ਆਪ ‘ਚ ਗੁਆਚੇ ਸੁਭਾਅ ਵਾਲੀ ਕੁੜੀ ਤੋਂ ਨਿਡਰ ਅਤੇ ਵੱਡੇ ਹੌਸਲੇਂ ਵਾਲੀ ਕੁੜੀ ‘ਚ ਬਦਲ ਜਾਣਾ ਵੀ ਬਾਹਰਮੁੱਖੀ ਹਾਲਤਾਂ ਦਾ ਸਿੱਟਾ ਹੈ । ਹੁਣ ਕੋਈ ਆਖੇਗਾ ਕਿ ਮੈਂ ਆਪਣੇ ਆਪ ਹੀ ਆਪਣੇ ਸੁਭਾਅ ਬਾਰੇ ਕਿਵੇਂ ਕਹਿ ਸਕਦੀ ਹਾਂ, ਪਰ ਮੈਂ ਕਹਿੰਨੀ ਆਂ ਕਿ ਜੇ ਬੰਦਾ ਆਪਣੇ ਸੁਭਾਅ ਬਾਰੇ ਨਹੀਂ ਦੱਸ ਸਕਦਾ ਤਾਂ ਉਹ ਕਿਸੇ ਹੋਰ ਦੇ ਸੁਭਾਅ ਬਾਰੇ ਦੱਸਣ ਦੇ ਕਾਬਿਲ ਨਹੀਂ ਨਾਲੇ ਆਪਣੇ ਆਪ ਤੋਂ ਵੱਧ ਕੇ ਖੁਦ ਨੂੰ ਹੋਰ ਕੌਣ ਬਿਹਤਰ ਜਾਣ ਸਕਦਾ ਹੈ। ਮਤਲਬ ਜੇ ਖੁਦ ‘ਤੇ ਵਿਸ਼ਵਾਸ਼ ਹੈ ਤਾਂ ਆਪਣੇ ਬਾਰੇ ਬੋਲਣ ‘ਚ, ਵਿਚਾਰ ਦੇਣ ‘ਚ ਵੀ ਕੀ ਹਰਜ ਹੈ ? ਮਨੁੱਖੀ ਵਿਚਾਰਾਂ ਲਈ ਪਦਾਰਥਕ ਹਾਲਾਤ ਜਿੰਮੇਵਾਰ ਹੁੰਦੇ ਹਨ ਅਤੇ ਬਦਲਦੇ ਹਾਲਾਤਾਂ ਨਾਲ ਮਨੁੱਖ ਦੇ ਵਿਚਾਰ ਵੀ ਬਦਲਦੇ ਹਨ ।

ਖੈਰ! ਮੈਂ ਆਪਣੇ ਪਹਿਲੇ ਪਰਬਤ ਆਰੋਹਣ ਵਾਸਤੇ ਸਾਮਾਨ ਇੱਕਠਾ ਕਰ ਰਹੀ ਹਾਂ, ਕੁੱਝ ਚਿਰ ਤੋਂ ਇੱਕਠੇ ਕੀਤੇ ਜਾ ਰਹੇ ਪੈਸੇ ਹੁਣ ਇੱਕਦਮ ਲੱਗ ਰਹੇ ਹਨ, ਪਰਬਤ ਆਰੋਹਣ ਲਈ ਜਰੂਰੀ ਅਤੇ ਵਧੀਆ ਸਾਮਾਨ ਕੁੱਝ ਮਹਿੰਗਾ ਆਉਂਦਾ ਹੈ ਜਿਸ ਕਰਕੇ ਪੈਸੇ ਤੇਜੀ ਨਾਲ ਹੱਥੋਂ ਨਿਕਲਦੇ ਹਨ । ਸਾਮਾਨ ਖਰੀਦਦਿਆਂ ਅੱਗੇ ਦੇ ਖਰਚੇ ਦੀ ਕੁੱਝ ਚਿੰਤਾ ਹੈ ਪਰ ਨਾਲ ਹੀ ਨਵੀਂ ਯਾਤਰਾ ਦਾ ਉਤਸ਼ਾਹ ਵੀ ਹੈ ਜੋ ਚਿੰਤਾ ਦੀ ਸਾਰੀ ਪੀੜ ਚੁੱਗ ਲੈਦਾ ਹੈ। ਪਰਬਤ ਆਰੋਹਣ ਲਈ ਜਰੂਰੀ ਕੱਪੜੇ, ਟੈਂਟ, ਸਲੀਪਿੰਗ ਬੈਗ, ਮੈਸਟਰਸ, ਰੁੱਕਸੈਕ, ਜੁੱਤੇ (ਵਾਟਰਪਰੂਫ), ਵਿੰਡ ਕਟਰ, ਅਤੇ ਕੁੱਝ ਖਾਣ-ਪੀਣ ਦਾ ਸਮਾਨ ਆਦਿ ਜਰੂਰੀ ਚੀਜਾਂ ਹੁੰਦੀਆਂ ਹਨ। ਮੈਂ ਜਦੋਂ ਜਾਣ ਲਈ ਰੁੱਕਸੈਕ ਪੈਕ ਕਰ ਰਹੀ ਹਾਂ ਤਾਂ ਮਨ ‘ਚ ਕੁੱਝ ਚਿੰਤਾ ਵੀ ਹੈ ਆਪਣੇ ਆਪ ਦੇ ਕੁੜੀ ਹੋਣ ਦੇ ਡਰ ਦੀ ਚਿੰਤਾ ਨਹੀਂ ਪਰ ਸ਼ਾਇਦ ਦੂਜਿਆਂ ਦਾ ਮੈਨੂੰ ਕੁੜੀ ਹੋਣ ਕਰਕੇ ਕਮਜੋਰ ਸਮਝਣ ਦੀ ਚਿੰਤਾ ਹੈ ਨਾਲੇ ਹਾਲਤਾਂ ਨੇ ਮਾਹੌਲ ਹੀ ਕੁੱਝ ਅਜਿਹਾ ਬਣਾਇਆ ਹੈ ਕਿ ਪਿੱਛਲੇ ਕੁੱਝ ਸਮੇਂ ਤੋਂ ਬਹੁਤ ਸਾਰੇ ਕੰਮ ਸਭ ਤੋਂ ਉੱਤੋਂ ਦੀ ਹੋ ਕੇ ਕਰ ਰਹੀ ਸੀ ਪਰ ਗੱਲ ਇਹ ਵੀ ਹੈ ਕਿ ਲੱਗਭਗ ਹਰ ਇੱਕ ਕੰਮ ਵਿੱਚ ਹੀ ਕਾਮਯਾਬ ਹੋਈ ਸੀ ਤੇ ਕੋਈ ਜਿਆਦਾ ਨਰਾਜਗੀ ਵੀ ਨਹੀਂ ਸਹੇੜਨੀ ਪਈ ਸੀ, ਹੁਣ ਵੀ ਲੰਬੇ-ਲੰਬੇ ਵਾਲਾਂ ਨੂੰ ਆਪਣੀ ਸਹੂਲਤ ਕਰਕੇ ਕਟਵਾ ਕੇ ਛੋਟੇ-ਛੋਟੇ ਕਰਵਾ ਆਈ ਹਾਂ ਤੇ ਪਰਿਵਾਰ ‘ਚ ਕਿਤੇ ਨਾ ਕਿਤੇ ਨਰਾਜਗੀ ਹੈ ਪਰ ਫਿਰ ਆਪਣੇ ਆਪ ‘ਤੇ ਵਿਸ਼ਵਾਸ਼ ਸਾਰੇ ਸ਼ੰਕੇ ਦੂਰ ਕਰ ਦਿੰਦਾ ਹੈ।

ਆਪਣੇ ਮੌਢਿਆਂ ‘ਤੇ ਰੁੱਕਸੈਕ ਚੁੱਕ ਅਸੀਂ ਘਰੋਂ ਚੱਲ ਪੈਂਦੇ ਹਾਂ ਮੇਰੇ ਨਾਲ ਪੰਜ ਹੋਰ ਸਾਥੀਆਂ ਨੇ ਜਾਣਾ ਹੈ, ਚਾਰ ਮੇਰੇ ਨਾਲ ਹੀ ਅਤੇ ਇੱਕ ਨੇ ਸਾਨੂੰ ਪਟਿਆਲਾ ਬੱਸ ਸਟੈਂਡ ਮਿਲਣਾ ਹੈ ਅਸੀਂ ਇੱਥੋਂ ਪਟਿਆਲੇ ਅਤੇ ਪਟਿਆਲੇ ਤੋਂ ਵਾਇਆ ਚੰਡੀਗੜ੍ਹ ਕੁੱਲੂ ਜਾਣਾ ਹੈ। ਅਸੀਂ ਮਿੱਥੇ ਸਮੇਂ ਤੋਂ ਕੁੱਝ ਕੁ ਪੱਛੜੇ ਹੋਏ ਹਾਂ ਤੇ ਸਾਡਾ ਸਾਥੀ ਗੁਰਜੰਟ ਪਟਿਆਲੇ ਬੱਸ ਸਟੈਂਡ ‘ਤੇ ਸਾਡਾ ਇੰਤਜਾਰ ਕਰ ਰਿਹਾ ਪਰ ਸਾਨੂੰ ਅਜੇ ਪਟਿਆਲੇ ਪਹੁੰਚਣ ‘ਚ ਡੇਢ ਘੰਟਾ ਲੱਗਣਾ ਹੈ ਦਰਅਸਲ ਗੁਰਜੰਟ – ਉਤਸ਼ਾਹ ‘ਚ ਚਾਓ-ਚਾਈ ਹੋਇਆ – ਤੈਅ ਹੋਏ ਸਮੇਂ ਤੋਂ ਪਹਿਲਾਂ ਹੀ ਬੱਸ ਸਟੈਂਡ ਪਹੁੰਚ ਗਿਆ ਸੀ ਅਤੇ ਹੁਣ ਉਡੀਕ ਕਰਦਿਆਂ-ਕਰਦਿਆਂ ਥੱਕ ਕੇ ਸਾਡੇ ਨਾਲ ਲੜਨ ਲੱਗ ਪਿਆ ਸੀ ਅਸੀਂ ਬਹੁਤੇ ਪੱਛੜ ਗਏ ਹਾਂ।

ਅਸੀਂ ਬੱਸ ‘ਚ ਪਾਤੜਾਂ ਤੋਂ ਪਟਿਆਲੇ ਨੂੰ ਜਾ ਰਹੇ ਹਾਂ ਅਤੇ ਗੁਰਜੰਟ ਵਾਰ-ਵਾਰ ਫੋਨ ਕਰਕੇ ਕਿਥੇ ਪਹੁੰਚ ਗਏ-ਕਿਥੇ ਪਹੁੰਚ ਗਏ ਪੁੱਛ ਰਿਹਾ ਹੈ ਬਸ ਪਸਿਆਨਾ ਮੌੜ ਟੱਪ ਕੇ ਪਟਿਆਲੇ ਦੇ ਮਿਲਟਰੀ ਏਰੀਏ ‘ਚ ਪਹੁੰਚ ਜਾਂਦੀ ਹੈ ਅਤੇ ਸਾਡੇ ਤੋਂ ਅਗਲੀਆਂ ਸੀਟਾਂ ‘ਤੇ ਬੈਠੇ ਕੁੱਝ ਬੱਚੇ ਸੱਜੇ ਹੱਥ ਵਾਲੇ ਸ਼ੀਸ਼ਿਆਂ ਵੱਲ ਨੂੰ ਹੋ ਗਏ ਅਤੇ ਪਟਿਆਲਾ ਦੇ ਏਅਰ ਬੇਸ ‘ਤੇ ਖੜੇ ਛੋਟੇ ਜਹਾਜਾਂ ਨੂੰ ਬੜੇ ਚਾਅ ਨਾਲ ਦੇਖਣ ਲੱਗੇ ਅਤੇ ਉੱਚੀ-ਉੱਚੀ ਕਿਲਕਾਰੀਆਂ ਮਾਰ-ਮਾਰ ਕੇ ‘ਜਾਅਜ – ਜਾਅਜ’ ਕਰਨ ਲੱਗੇ ਭਾਵੇਂ ਕਿ ਜਹਾਜ ਝਾੜੀਆਂ ਓਹਲਿਓ ਹਲਕਾ-ਹਲਕਾ ਹੀ ਦਿਸ ਰਿਹਾ ਸੀ । ਬੱਚਿਆਂ ਨੂੰ ਦੇਖ, ਇਸ ਸੜਕ ਤੋਂ ਸੈਂਕੜੇ ਵਾਰ ਲੰਘਦਿਆਂ ਖੁਦ ਇਸੇ ਤਰ੍ਹਾਂ ‘ਜਾਅਜ’ ਦੇਖਣ ਦੇ ਚਾਅ ‘ਚ ਮਾਰੀਆਂ ਕਿਲਕਾਰੀਆਂ ਚੇਤੇ ਆ ਜਾਂਦੀਆਂ ਹਨ। ਬਚਪਣ ਦੀਆਂ ਕਈ ਹੋਰ ਯਾਦਾਂ ਇੱਕ ਤੋਂ ਬਾਅਦ ਇੱਕ ਚੇਤੇ ‘ਚ ਤਾਜਾ ਹੋ ਰਹੀਆਂ ਸਨ, ਬਚਪਨ ਦੇ ਛੋਟੇ-ਛੋਟੇ ਸਫਰ ਜਿੰਦਗੀ ਦੇ ਵੱਡੇ ਸਫਰ ਨਿਸ਼ਚਿਤ ਕਰਦੇ ਹਨ, ਥੋੜੇ ਸਮੇ ਬਾਅਦ ਬੱਸ, ਅੱਡੇ ‘ਚ ਪਹੁੰਚ ਜਾਂਦੀ ਹੈ ਅਤੇ ਬੱਸ ਦੇ ਰੁਕਣ ਨਾਲ ਚੇਤਿਆਂ ਦਾ ਸਫਰ ਵੀ ਰੁੱਕ ਜਾਂਦਾ ਹੈ ਅਤੇ ਅਸੀਂ ਆਪਣੇ ਰੁੱਕਸੈਕ ਫਿਰ ਆਪਣੇ ਮੋਢਿਆਂ ‘ਤੇ ਟਿਕਾਉਂਦੇ ਹਾਂ ਅਤੇ ਨਵੇਂ ਸਫਰ ਨੂੰ ਆਪਣੇ ਚੇਤਿਆਂ ‘ਚ ਵਸਾਉਣ ਲਈ ਆਪਣੀ ਮੰਜਿਲ ਨੂੰ ਜਾਂਦੀ ਅਗਲੀ ਸਵਾਰੀ ਫੜਨ ਵੱਲ ਨੂੰ ਤੁਰ ਪੈਂਦੇ ਹਾਂ ।

ਅਸੀਂ ਬੱਸੋਂ ਉੱਤਰ ਕੇ ਚੰਡੀਗੜ੍ਹ ਵਾਲੇ ਕਾਊਂਟਰ ਵੱਲ ਨੂੰ ਤੁਰ ਪਏ, ਚੰਡੀਗੜ੍ਹ ਵਾਲੇ ਕਾਊਂਟਰ ਚਾਰ-ਪੰਜ ਹਨ, ਪਰ ਬੱਸ ਕਿਸੇ ‘ਤੇ ਵੀ ਨਾ ਲੱਗੇ ਹੋਣ ਕਰਕੇ ਸਵਾਰੀਆਂ ਜਿਆਦਾ ਹਨ, ਇੱਕ ਕਾਊਂਟਰ ‘ਤੇ ਮੰਹਿਗੀ ਬੱਸ ਲੱਗੀ ਹੈ ਬਹੁਤ ਘੱਟ ਸਵਾਰੀਆਂ ਓਧਰ ਨੂੰ ਜਾ ਰਹੀਆਂ ਹਨ। ਅਸੀਂ ਰੁੱਕਸੈਕ ਮੌਢਿਆਂ ਤੋਂ ਉਤਾਰੇ, ਗੁਰਜੰਟ ਦਾ ਰੁੱਕਸੈਕ ਪਿਆ ਸੀ ਪਰ ਉਹ ਆਪ ਉਸ ਕੋਲ ਨਹੀਂ ਸੀ ਅਸੀਂ ਉਸਨੂੰ ਇਧਰ-ਉਧਰ ਵੇਖਣ ਲੱਗੇ ਅਤੇ ਉਹ ਅਚਾਨਕ ਭੀੜ ‘ਚ ਨਿਕਲ ਕੇ ਸਾਡੇ ਅੱਗੇ ਪ੍ਰਗਟ ਹੋ ਗਿਆ ਸਾਡੇ ‘ਚ ਸਭ ਤੋਂ ਅੱਗੇ ਵਰਿੰਦਰ ਸੀ ਪਿੱਛੇ ਨਵਜੋਤ, ਗੁਰਪ੍ਰੀਤ, ਰਾਹੁਲ ਅਤੇ ਮੈਂ ਇਹਨਾਂ ਸਭ ਤੋਂ ਪਿੱਛੇ ਸੀ ਗੁਰਜੰਟ ਇਹਨਾਂ ਨਾਲ ਮਿਲਦਾ ਹੈ ਅਤੇ ਮੈਨੂੰ ਨਜਰਅੰਦਾਜ ਕਰ ਦਿੰਦਾ ਹੈ, ਮੈਂ ਸੋਚਿਆ ਸ਼ਾਇਦ ਉਹ ਮੇਰੇ ਨਾਲ ਨਾਰਾਜ਼ ਹੈ ਕਿਉਂਕਿ ਮੈਂ ਈ ਉਹਨੂੰ ਜਲਦੀ ਬੱਸ ਸਟੈਂਡ ਬੁਲਾਇਆ ਸੀ। ਮੈਂ ਅੱਗੇ ਹੋ ਕੇ ਉਹਨੂੰ ਬੁਲਾਉਂਦੀ ਹਾਂ, ਉਹ ਮੈਨੂੰ ਦੇਖ ਕੇ ਹੈਰਾਨ ਹੋ ਜਾਂਦਾ ਹੈ ਕਿਉਂਕਿ ਉਹਨੇ ਮੈਨੂੰ ਮੇਰੇ ਛੋਟੇ ਵਾਲਾਂ ‘ਚ ਪਹਿਲੀ ਵਾਰ ਦੇਖਿਆ ਸੀ ਜਿਸ ਕਰਕੇ ਉਹਨੇ ਮੈਨੂੰ ਪਹਿਚਾਣਿਆ ਹੀ ਨਹੀਂ ਸੀ।

ਅਸੀਂ ਆਪਣੇ ਰੁੱਕਸੈਕ ਨੇੜੇ ਲਿਆ ਕੇ ਰੱਖਦੇ ਹਾਂ, ਜਿਹੜਾ ਵਾਧੂ ਸਾਮਾਨ ਗੁਰਜੰਟ ਕੋਲ ਸੀ ਜਿਸ ‘ਚ ਰੱਸਾ ਅਤੇ ਵਾਧੂ ਸਲੀਪਿੰਗ ਬੈਗ ਸੀ ਜੋ ਰਾਹੁਲ ਲਈ ਸੀ ਉਹ ਰਾਹੁਲ ਆਪਣੇ ਬੈਗ ‘ਚ ਪਾਉਂਦਾ ਹੈ ਅਤੇ ਗੁਰਜੰਟ ਦੇ ਹਿੱਸੇ ਦਾ ਖਾਣ-ਪੀਣ ਦਾ ਸਮਾਨ ਗੁਰਜੰਟ ਰਾਹੁਲ ਤੋਂ ਲੈ ਕੇ ਆਪਣੇ ਬੈਗ ‘ਚ ਪਾ ਲੈਂਦਾ ਹੈ, ਵਰਿੰਦਰ ਗੁਰਜੰਟ ਦੇ ਬੈਗ ਨੂੰ ਦੁਬਾਰਾ ਠੀਕ ਪੈਕ ਕਰਦਾ ਹੈ । ਅਸੀਂ ਸਾਰਿਆਂ ਦਾ ਬੋਝ ਬਰਾਬਰ ਰੱਖਣ ਲਈ ਸਾਰੇ ਸਾਂਝੇ ਸਾਮਾਨ ਨੂੰ ਬਰਾਬਰ-ਬਰਾਬਰ ਵੰਡ ਕੇ ਇੱਕੋ ਵਰਗੀਆਂ ਥੈਲੀਆਂ ‘ਚ ਪਾਇਆ ਹੋਇਆ ਹੈ ਇਥੋਂ ਤੱਕ ਨਾਲ ਰੱਖੀਆਂ ਟੌਫੀਆਂ ਵੀ ਹਰ ਇੱਕ ਕੋਲ ਇੱਕੋ ਜਿੰਨ੍ਹਾਂ ਹੈ। ਬਾਕੀ ਨਿੱਜੀ ਸਮਾਨ (ਕੱਪੜੇ ਆਦਿ) ਦਾ ਬੋਝ ਸਾਰਿਆ ਕੋਲ ਆਪਣੇ ਮੁਤਾਬਿਕ ਜਿਸਨੂੰ ਵੀ ਘੱਟ ਤੋਂ ਘੱਟ ਰੱਖਣ ਦੀ ਕੌਸ਼ਿਸ਼ ਕੀਤੀ ਗਈ ਹੈ । ਸਾਡੇ ਕੋਲ ਤਿੰਨ ਟੈਂਟ ਸਨ ਇੱਕ ਜਿਹਨਾਂ ‘ਚੋਂ ਇੱਕ ਵਰਿੰਦਰ ਦੂਜਾ ਗੁਰਜੰਟ ਅਤੇ ਤੀਜਾ ਗੁਰਪ੍ਰੀਤ ਕੋਲ ਹੈ, ਇਸ ਤੋਂ ਇਲਾਵਾ ਸਾਂਝੇ ਸਮਾਨ ‘ਚ ਟਾਰਚਾਂ, ਚਾਕੂ, ਛੋਟੀ ਹਥੌੜੀ, ਸੀਟੀਆਂ, ਸੂਈ ਧਾਗਾ, ਦਵਾਈਆਂ, ਟੇਪ ਰੋਲ, ਮਾਚਿਸਾਂ ਕੌਲੀਆਂ-ਗਿਲਾਸ, ਚੱਮਚ ਆਦਿ ਹਨ।

ਇੱਕ ਬੱਸ ਕਾਊਂਟਰ ਦੇ ਨੇੜੇ ਆਉਣ ਤੋਂ ਪਹਿਲਾਂ ਹੀ ਲੰਮਾ ਹੌਰਨ ਮਾਰਦੀ ਹੈ ਅਸੀਂ ਆਪਣੇ ਰੁੱਕਸੈਕ ਚੁੱਕ ਕੇ ਬੱਸ ਵੱਲ ਭੱਜ ਤੁਰਦੇ ਹਾਂ ਸਵਾਰੀਆਂ ਜਿਆਦਾ ਹੋਣ ਕਰਕੇ ਬੱਸ ਵੱਲ ਨੂੰ ਸਾਰੇ ਦੌੜ ਪੈਂਦੇ ਹਨ, ਕਿਉਂਕਿ ਅਸੀਂ ਭੱਜਣ ‘ਚ ਦੇਰ ਨਹੀਂ ਲਾਈ ਸੀ ਜਿਸ ਕਰਕੇ ਪਹਿਲਾਂ ਬੱਸ ਵਿੱਚ ਚੜ੍ਹ ਜਾਂਦੇ ਹਾਂ ਅਤੇ ਆਪਣੇ ਬੈਗ ਸੀਟਾਂ ਵਿਚਾਲੇ ਫਸਾ ਕੇ ਕਿਸੇ ਤਰ੍ਹਾਂ ਬੈਟ ਜਾਂਦੇ ਹਾਂ ਬੱਸ ਪੂਰੀ ਭਰ ਜਾਂਦੀ ਹੈ ਅਤੇ ਛੇਤੀ ਹੀ ਤੁਰ ਪੈਂਦੀ ਹੈ। ਬੱਸ ਚੰਡੀਗੜ੍ਹ ਵੱਲ ਨੂੰ ਤੁਰ ਪੈਂਦੀ ਹੈ। ਅਸੀਂ ਚੰਡੀਗੜ੍ਹ ਵੱਲ ਦੀ ਵਲਾ ਪਾ ਕੇ ਕੁੱਲੂ ਜਾਣ ਦਾ ਪਰੋਗਰਾਮ ਬਣਾਇਆ ਸੀ ਕਿਉਂਕਿ ਪਟਿਆਲੇ ਤੋਂ ਕੁੱਲੂ-ਮਨਾਲੀ ਸਿਰਫ ਇੱਕ ਹੀ ਬੱਸ ਜਾਂਦੀ ਹੈ ਸਵੇਰੇ ਸਾਢੇ ਪੰਜ ਵਜੇ ਜੋ ਦੋ-ਢਾਈ ਵਜੇ ਕੁੱਲੂ ਤੋਂ ਅੱਗੇ ‘ਪਤਲੀ ਕੂਲ’ ਪਹੁੰਚਾ ਦਿੰਦੀ ਹੈ ਜਿਥੋਂ ਅਸੀਂ ਨਗਰ ਜਾਣਾ ਸੀ। ਪਰ ਜੇ ਅਸੀਂ ਆਪਣਾ ਸਫਰ ਰਾਤ ਨੂੰ ਲੰਘਾ ਲੈਂਦੇ ਤਾਂ ਸਵੇਰੇ ਹੀ ਅਸੀਂ ਕੁੱਲੂ ਪਹੁੰਚ ਜਾਣਾ ਸੀ ਤੇ ਨਗਰ ਪਹੁੰਚਣ ਤੋਂ ਪਹਿਲਾਂ ਅਸੀਂ ਕੁੱਲੂ ਸ਼ਹਿਰ ਵਿੱਚ ਆਰਾਮ ਨਾਲ ਘੁੰਮ ਸਕਦੇ ਸਾਂ ਅਤੇ ਰਾਤ ਦਾ ਸਫਰ ਸੌਖਾ ਵੀ ਸੀ। ਕਿਉਂਕਿ ਸਾਨੂੰ ਰਾਤ ਦੀ ਨੀਂਦ ਦੀ ਆਦਾਤ ਹੁੰਦੀ ਹੈ ਜੋ ਜਿਆਦਾ ਆਰਾਮਦੇਹ ਹੁੰਦੀ ਹੈ ਇਸ ਲਈ ਰਾਤ ਨੂੰ ਸੌ ਕੇ ਆਰਾਮ ਨਾਲ ਸਫਰ ਕਰ ਸਕਦੇ ਸਾਂ।

ਬੱਸ ਸਵਾ ਕੁ ਨੌਂ ਵਜੇ ਚੰਡੀਗੜ੍ਹ ਪਹੁੰਚ ਗਈ, ਅਸੀਂ ਸੈਕਟਰ 43 ਦੇ ਬੱਸ ਅੱਡੇ ਉੱਤਰ ਜਾਂਦੇ ਹਾਂ ਅਤੇ ਮਨਾਲੀ ਵਾਲੇ ਕਾਊਂਟਰ ਵੱਲ ਨੂੰ ਤੁਰ ਪੈਂਦੇ ਹਾਂ, ਇਥੇ ਵੀ ਉਹੀ ਹਾਲ ਸੀ ਸਵਾਰੀਆਂ ਜਿਆਦਾ ਸਨ ਤੇ ਬੱਸਾਂ ਹੈ ਨਹੀਂ ਸਨ, ਮਹਿੰਗੀ ਬੱਸ ਇੱਕਲੀ ਲੱਗੀ ਸੀ ਪਰ ਉਸ ਵੱਲ ਜਾਣ ਵਾਲੀਆਂ ਸਵਾਰੀਆਂ ਘੱਟ ਸਨ। ਸਾਡੇ ਕੋਲ ਆਕੇ ਇੱਕ ਜਣਾ ਉਸ ਬੱਸ ਵੱਲ ਇਸ਼ਾਰਾ ਕਰਕੇ ਮਨਾਲੀ-ਮਨਾਲੀ ਕਰਦਾ ਹੈ। ਵਰਿੰਦਰ ਨੇ ਬੱਸ ਦਾ ਕਿਰਾਇਆ ਪੁੱਛਿਆ ਅੱਗੋ ਉਹ ਕਹਿੰਦਾ ਸਾਢੇ ਅੱਠ ਸੌ ਅਤੇ ਵਰਿੰਦਰ ਨੇ ਫਿਰ ਉਸ ਤੋਂ ਹੀ ਆਮ ਬੱਸ ਦਾ ਕਿਰਾਇਆ ਪੁਛਿਆ ਤਾਂ ਉਸਨੇ ਕਿਹਾ ਸਾਢੇ ਚਾਰ ਸੌ, ਅਸੀਂ ਸਾਰੇ ਆਪਣੇ ਰੁੱਕਸੈਕ ਚੱਕਦੇ ਹਾਂ ‘ਤੇ ਨੇੜੇ ਬਣੇ ਇੱਕ ਢਾਬੇ ‘ਚ ਜਾ ਬੈਠਦੇ ਹਾਂ, ਅਸੀਂ ਪੁੱਛ ਲਿਆ ਸੀ ਕਿ ਮਨਾਲੀ ਲਈ ਬੱਸਾਂ ਸਾਰੀ ਰਾਤ ਚੱਲਦੀਆਂ ਹਨ। ਅਸੀਂ ਛੇ ਕੱਪ ਚਾਹ ਬਣਵਾਉਂਦੇ ਹਾਂ, ਅਤੇ ਨਾਲ ਲਿਆਂਦੀਆਂ ਰੋਟੀਆਂ ਕੱਢਦੇ ਹਾਂ ਰੋਟੀ ਦੋ ਘਰਾਂ ਤੋਂ ਆਈ ਸੀ ਇਸ ਲਈ ਇੱਕ ਘਰ ਚੋਂ ਸੁੱਕੇ ਆਲੂ ਅਤੇ ਦੂਜੇ ਘਰੋਂ ਚਿੱਲੀ-ਪਨੀਰ ਦੀ ਸਬਜੀ ਆਈ ਸੀ ਭਾਵੇਂ ਕਿ ਜੀਰੇ ਆਲੇ ਆਲੂ ਬਹੁਤ ਸਵਾਦ ਸਨ ਪਰ ਚਿੱਲੀ-ਪਨੀਰ, ਚਿੱਲੀ-ਪਨੀਰ ਹੋਣ ਕਰਕੇ ਬਾਜੀ ਮਾਰ ਗਿਆ। ਪਰ ਫਿਰ ਵੀ ਸਬਜੀ ਬਰਾਬਾਰ-ਬਰਾਬਰ ਖਾਦੀ ਗਈ । ਥੌੜੀ ਜਿਹੀ ਆਲੂ ਦੀ ਸਬਜੀ ਅਤੇ ਚਾਰ ਰੋਟੀਆਂ ਬੱਚ ਗਈਆਂ ਜੋ ਅਸੀ ਵਲੇਟ ਕੇ ਨਾਲ ਰੱਖ ਲੈਂਦੇ ਹਾਂ ਅੱਗਲੇ ਰਸਤੇ ਲਈ । ਅਸੀਂ ਚਾਹ ਦੇ ਪੈਸੇ ਦੇ ਕੇ ਬਾਹਰ ਆ ਜਾਂਦੇ ਹਾਂ ਅਤੇ ਬੱਸ ਦੀ ਉਡੀਕ ਕਰਨ ਲੱਗ ਜਾਂਦੇ ਹਾਂ ਬੱਸ ਦੀ ਟਿਕਟ ਲਈ ਲਾਇਨ ਕਾਫੀ ਲੰਬੀ ਹੈ। ਸਾਨੂੰ ਪਤਾ ਲੱਗਾ ਕਿ ਪਹਿਲਾਂ ਹੀ ਲਾਇਨ ‘ਚ ਖੜਾ ਹੋਣਾ ਪਵੇਗਾ ਨਹੀਂ ਤਾਂ ਬੱਸ ਆਉਣ ‘ਤੇ ਇੱਕ ਦਮ ਟਿਕਟ ਨਹੀਂ ਮਿਲੇਗੀ, ਰਾਹੁਲ ਨੂੰ ਅਸੀਂ ਲਾਇਨ ‘ਚ ਖੜਾ ਦਿੰਦੇ ਹਾਂ ਅਤੇ ਆਪ ਵੀ ਉਹਦੇ ਨੇੜੇ-ਤੇੜੇ ਹੀ ਖੜ੍ਹ ਜਾਂਦੇ ਹਾਂ ਵਾਰੀ ਲੈਣ ਲਈ, ਉਸ ਸਮੇਂ ਦੌਰਾਨ ਦੋ-ਤਿੰਨ ਬੱਸਾਂ ਆਉਂਦੀਆਂ ਹਨ ਪਰ ਸਾਨੂੰ ਕਿਸੇ ‘ਚ ਵੀ ਜਗ੍ਹਾ ਨਹੀਂ ਮਿਲਦੀ, ਬਸ ਵਾਲਾ ਚੱਕਰ ਇਨ੍ਹਾਂ ਵੀ ਸੌਖਾ ਨਹੀਂ ਸੀ ਜਿਨ੍ਹਾਂ ਅਸੀਂ ਸੋਚੀਂ ਬੈਠੇ ਸਾਂ, ਸਾਨੂੰ ਡੇਢ ਘੰਟੇ ਬਾਅਦ ਬੱਸ ਮਿਲਦੀ ਹੈ ਬੱਸ ‘ਚ ਭੀੜ ਕਾਫੀ ਹੈ। ਕੰਡਕਟਰ ਸਾਡੇ ਸਾਰਿਆਂ ਦੇ ਬੈਗ ਦੇਖ ਕੇ ਕਾਫੀ ਔਖਾ ਲੱਗ ਰਿਹਾ ਹੈ ਕਹਿੰਦਾ ਹੈ “ਜੇ ਮੈਨੂੰ ਪਤਾ ਹੁੰਦਾ ਕਿ ਇਨ੍ਹਾਂ ਸਮਾਨ ਹੈ ਤੁਹਾਡੇ ਕੋਲ ਤਾਂ ਮੈਂ ਟਿਕਟ ਹੀ ਨਹੀਂ ਸੀ ਦੇਣੀ ਪਰ ਬੱਸ ‘ਚ ਬਾਕੀ ਸਵਾਰੀਆਂ ਦਾ ਸਮਾਨ ਦੇਖ ਕੇ ਇੰਝ ਲੱਗਦਾ ਹੈ ਕਿ ਉਹ ਪਹਿਲਾਂ ਹੀ ਗੁੱਸੇ ਹੈ ਤੇ ਸਿਰਫ ਉਹਦਾ ਗੁੱਸਾ ਹੀ ਸਾਡੇ ‘ਤੇ ਨਿਕਲ ਰਿਹਾ ਹੈ ਕਿਉਂਕਿ ਸਾਡੇ ਛੇ ਸਵਾਰੀਆਂ ਕੋਲ ਸਿਰਫ ਛੇ ਬੈਗ ਹੀ ਹਨ ਹੋਰ ਕੋਈ ਵੀ ਵਾਧੂ ਸਮਾਨ ਨਹੀਂ ਹੈ। ਪਰ ਅਸੀਂ ਉਸ ਨਾਲ ਬਹਿਸਦੇ ਨਹੀਂ ਤੇ ਆਪਣੀ ਸੀਟਾਂ ਕੋਲ ਕਿਸੇ ਤਰ੍ਹਾਂ ਸਮਾਨ ਟਿਕਾ ਕੇ ਚੁੱਪ ਕਰਕੇ ਬੈਠ ਗਏ ਠੀਕ ਗਿਆਰ੍ਹਾਂ ਵੀਹ ‘ਤੇ ਬੱਸ ਚੱਲ ਪੈਂਦੀ ਹੈ । ਅਸਲ ਗੱਲ ਇਹ ਸੀ ਕਿ ਟਿਕਟਾਂ ਸਾਨੂੰ ਇਸ ਬਸ ਵਿੱਚ ਵੀ ਸ਼ਾਇਦ ਨਾ ਮਿਲਦੀਆਂ ਜੇ ਰਾਹੁਲ ਦੀ ਥਾਵੇਂ ਮੈਂ ਕੰਡਕਟਰ ਨਾਲ ਟਿਕਟਾਂ ਦੀ ਗੱਲ ਨਾ ਕੀਤੀ ਹੁੰਦੀ, ਮੈਂ ਦੇਖਿਆ ਸੀ ਕਿ ਉਹਨੇ ਸਾਡੇ ਤੋਂ ਪਹਿਲਾਂ ਵੀ ਇੱਕ ਹਿਮਾਚਲੀ ਕੁੜੀ ਦੀ ਟਿਕਟਾਂ ਲਈ ‘ਮਦਦ’ ਕੀਤੀ ਸੀ। ਪਰ ਹੁਣ ਕੰਡਕਟਰ ਸੱਚ ਦਾ ਸਾਹਮਣਾ ਕਰਕੇ ਥੋੜਾ ਔਖਾ ਲੱਗ ਰਿਹਾ ਸੀ। ਮੈਂ, ਵਰਿੰਦਰ ‘ਤੇ ਗੁਰਜੰਟ ਇੱਕੋ ਸੀਟ ‘ਤੇ ਬੈਠੇ ਹਾਂ ਸਾਡੇ ਪੈਰਾਂ ‘ਚ ਪਹਿਲੀਆਂ ਸਵਾਰੀਆਂ ਦਾ ਸਮਾਨ ਤੁੰਨ ਕੇ ਭਰਿਆ ਪਿਆ ਹੈ। ਮੈਂ ਬਸਤੇ ‘ਚੋਂ ਡਾਇਰੀ ਕੱਢਦੀ ਹਾਂ, ਅਤੇ ਅੱਜ ਦਾ ਸਾਰਾ ਹਾਲ ਨੋਟ ਕਰਦੀ ਹਾਂ। ਸਾਰਾ ਹਾਲ ਲਿਖਣ ਤੋਂ ਬਾਅਦ ਵਰਿੰਦਰ ਨਾਲ ਸੀਟ ਬਦਲ ਲੈਂਦੀ ਹਾਂ ਅਤੇ ਉਹਨੂੰ ਵਿਚਕਾਰ ਕਰਕੇ ਆਪ ਸ਼ੀਸ਼ੇ /ਬਾਰੀ ਵਾਲੇ ਪਾਸੇ ਆ ਜਾਂਦੀ ਹਾਂ। ਬਸ ਮੁਹਾਲੀ-ਖਰੜ ਪਾਰ ਕਰ ਚੁੱਕੀ ਸੀ ਚੰਡੀਗੜ੍ਹ ‘ਚ ਹੀ ਮੌਸਮ ਸੁਹਾਵਣਾ ਸੀ, ਕਿਣ-ਮਿਣ, ਕਿਣ-ਮਿਣ ਵੀ ਸੀ ਹੁਣ ਹਵਾ ‘ਚ ਠੰਡੀ-ਠੰਡੀ ਸਿਲ੍ਹ ਸੀ ਤੇ ਮੈਂ ਬਾਰੀ ‘ਚ ਬਾਹਾਂ ਟਿਕਾਈ ਅੱਗੇ ਆਉਣ ਵਾਲੇ ਸਫਰ ਬਾਰੇ ਸੋਚ ਰਹੀ ਸੀ।

(ਚੱਲਦਾ)

ਚੰਦਰਖਾਨੀ ਪਾਸ ਦੇ ਨੇੜੇ ਦਾ ਦ੍ਰਿਸ਼
* ਸੰਪਰਕ

ਜੇ ਤੁਹਾਨੂੰ ਇਹ ਲੇਖ ਪਸੰਦ ਆਇਆ ਤਾਂ ਸਾਡੀ ਬੇਨਤੀ ਹੈ ਕਿ ਇਹਨੂੰ ਆਪਣੇ ਸੱਜਣਾ-ਮਿੱਤਰਾਂ ਨਾਲ ਸਾਂਝਾ ਜਰੂਰ ਕਰੋ। ਤੁਹਾਡੇ ਵੱਲੋਂ ਦਿੱਤਾ ਹੌਂਸਲਾ ਸਾਨੂੰ ਹਮੇਸ਼ਾਂ ਪ੍ਰੇਰਦਾ ਰਹੇਗਾ। – ਸੰਪਾ.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s