ਜਦੋਂ ਰਮਨ ਨੇ ਜੱਗੇ ਨੂੰ ਲਾਇਬਰੇਰੀ ਦੀ ਕੰਧ ਨਾਲ ਲੱਗਿਆ ਰੰਗੀਨ ਪੋਸਟਰ ਵਿਖਾਇਆ ‘ਤੇ ਕਿਹਾ ਕਿ ‘ਪਰਵਾਜ਼’ ਗਰੁੱਪ ਵਾਲਿਆਂ ਨੇ ‘ਹਿਮਾਚਲ’ ਵਿੱਚ ਟ੍ਰੈਕਿੰਗ ਟਰਿੱਪ ਅਰੇਂਜ ਕੀਤਾ ਹੈ ਅਤੇ ਉਹ ਵੀ ਇਸ ਟਰਿੱਪ ‘ਤੇ ਜਾਣਾ ਚਾਹੁੰਦੀ ਹੈ ਅਤੇ ਨਾਲ ਹੀ ਕਿਹਾ ਕਿ “ਮੈਂ ਚਾਹੁੰਨੀਂ ਆਂ ਕਿ ਤੂੰ ਵੀ ਮੇਰੇ ਨਾਲ ਚੱਲੇਂ”। ਜੱਗੇ ਨੇ ਕਿਹਾ ਕਿ ਮੈਂ ਕੀ ਕਰਾਂਗਾ ਉੱਥੇ ਤਾਂ ਉਹਦੀ ਗੱਲ ਨੂੰ ਵਿੱਚੇ ਹੀ ਕੱਟਦਿਆਂ ਰਮਨ ਬੋਲੀ “ਮੈਨੂੰ ਨਹੀਂ ਪਤਾ ਬੱਸ ਤੂੰ ਚੱਲੇਂਗਾ, ਤੇ ਚੱਲੇਂਗਾ, ਪਤੈ ਕਿੰਨਾਂ ਇਨਜੁਆਇ ਹੁੰਦੈ ਉਥੇ, ਆਪਣਾ ਸਮਾਨ ਪਿੱਠ ‘ਤੇ ਚੁੱਕ ਕੇ ਕਈ ਘੰਟੇ ਤੁਰਦੇ ਜਾਓ, ਤੁਰਦੇ-ਤੁਰਦੇ ਖਾਓ ਪੀਓ, ਥਕਾਵਟ ਹੋਵੇ ਤੇ ਆਰਾਮ ਕਰ ਲਵੋ, ਟੈਂਟ ਲਾਵੋ ਤੇ ਅੱਗ ਬਾਲ ਕੇ ਖਾਣਾ ਪਕਾਓ, ਅੱਗ ਦੁਆਲੇ ਨੱਚੋ-ਗਾਓ। ਪਤੈ ਜਦੋਂ ਸੋਹਣੀਆਂ-ਸੋਹਣੀਆਂ ਪਹਾੜੀਆਂ, ਝਰਨੇ, ਜੰਗਲ, ਤੇ ਨੀਲੇ ਅਸਮਾਨ ‘ਚ ਤੈਰਦੇ ਬੱਦਲ ਦੇਖਦਿਆਂ ਤੁਰਦੇ ਜਾਈਦੈ ਤਾਂ, ਪਿੱਠ ਦੇ ਲੱਦਿਆ ਭਾਰ ਜਵਾਂ ਵੀ ਮਹਿਸੂਸ ਨਹੀਂ ਹੁੰਦਾ। ਤੇ ਚਾਹੀਦਾ ਕੀ ਐ ਇਸ ਸਭ ਲਈ ਬਸ ਕੁੱਝ ਪੈਸੇ ਤੇ ਵਿਹਲਾ ਸਮਾਂ।”

ਉਹਦੀਆਂ ਗੱਲਾ ਸੁਣਦਿਆਂ ਜੱਗਾ ਸੋਚ ਰਿਹਾ ਸੀ ਕਿ ਹਾਂ ਕੀ ਚਾਹੀਦਾ ਹੈ ਕੁਦਰਤ ਦੇ ਇਹਨਾਂ ਨਜ਼ਾਰਿਆਂ ਦਾ ਅਨੰਦ ਲੈਣ ਵਾਸਤੇ, “ਕੁੱਝ ਪੈਸੇ ਅਤੇ ਵਿਹਲਾ ਸਮਾਂ” ਪਰ ਇਹ ਵਿਹਲਾ ਸਮਾਂ ਅਤੇ ਕੁੱਝ ਪੈਸੇ ਮੇਰੇ ਬਾਪੂ ਕੋਲ ਕਿਉਂ ਨਹੀਂ, ਟਰੱਕਾਂ ‘ਚ ਮਾਲ ਲੋਡ ਕਰਦਿਆਂ-ਕਰਦਿਆਂ ਜਿਹਦਾ ਲੱਕ ਦੂਹਰਾ ਹੋ ਗਿਆ, ਸਾਡੀ ਪੜ੍ਹਾਈ ਦੇ ਬੋਝ ਨੇ ਜਿਹਨੂੰ ਸਿੱਧਾ ਖੜਾ ਹੋਣ ਜੋਗਾ ਨਹੀਂ ਛੱਡਿਆ। ਘਰੇ ਰੱਖੀ ਇੱਕ ਮੱਝ ਦਾ ਦੁੱਧ ਵੀ ਜਿਹਨੂੰ ਪੀਣਾਂ ਨਸੀਬ ਨਹੀਂ ਹੁੰਦਾ ਤਾਂ ਕਿ ਉਹਨੂੰ ਵੇਚ ਕੇ ਬੇਬੇ ਦਵਾਈ-ਬੂਟੀ ਅਤੇ ਭੈਣ ਦੇ ਵਿਆਹ ਜੋਗੇ ਪੈਸੇ ਜੋੜ ਸਕੇ। ਸਿਰਫ ਇਸੇ ਉਮੀਦ ਨਾਲ ਜਿੰਦਗੀ ਕੱਟੀ ਜਾਂਦੇ ਨੇ ਉਹ ਕਿ ਜੇ ਉਹਨਾਂ ਦੇ ਪੁੱਤ ਨੂੰ ਪੜ੍ਹ-ਲਿਖ ਕੇ ਕੋਈ ਨੌਕਰੀ ਮਿਲ ਜਾਵੇ ਤਾਂ ਸ਼ਾਇਦ ਅਖੀਰ ਉਮਰੇ ਉਹ ਵੀ ਕੋਈ ਸੁੱਖ ਵੇਖ ਲੈਣ। ਜਿਹਨਾਂ ਨੂੰ ਮੌਸਮ ਬਦਲੇ ਦਾ ਪਤਾ ਵੀ ਸਿਰਫ ਉਦੋਂ ਲੱਗਦੈ ਜਦੋਂ ਹੱਡ-ਚੀਰਵੀਂ ਠੰਡ ਉਹਨਾਂ ਨੂੰ ਕੱਪੜਿਆਂ ਦੀ ਘਾਟ ਬਾਰੇ ਦੱਸਦੀ ਐ ਜਾਂ ਪੈਰ ਸਾੜਵੀਂ ਗਰਮੀ ਪਲਾਸਟਿਕ ਦੇ ਟੁੱਟੇ ਬੂਟਾਂ ਬਾਰੇ ।
ਕੀ ਉਹਨਾਂ ਕੋਲ ਵੀ ਕਦੀ ਇਹ “ਵਿਹਲਾ ਸਮਾਂ ਅਤੇ ਕੁੱਝ ਪੈਸੇ” ਹੋਣਗੇ? ਕੀ ਉਹ ਵੀ ਕੁਦਰਤ ਨੂੰ ਕਦੀ ਇੰਝ ਵੇਖ ਸਕਣਗੇ ਜਿਵੇਂ ਰਮਨ ਵੇਖਦੀ ਏ। ਹਾਂ! ਅਜਿਹਾ ਜਰੂਰ ਹੋਵੇਗਾ।ਜੱਗੇ ਦੀ ਨਿਗ੍ਹਾ “ਟਰੈਕਿੰਗ” ਵਾਲੇ ਪੋਸਟਰ ਦੇ ਨਾਲ ਲੱਗੇ ਪਰਚੇ ‘ਤੇ ਪਈ, ਜਿਸ ‘ਤੇ ਲਿਖਿਆ ਸੀ “ਹਰ ਇੱਕ ਲਈ ਯੋਗਤਾ ਅਨੁਸਾਰ, ਪੱਕੇ ਰੁਜਗਾਰ ਦੀ ਗਰੰਟੀ ਲਈ “ਭਗਤ ਸਿੰਘ ਕੌਮੀ ਰੁਜਗਾਰ ਗਰੰਟੀ ਕਨੂੰਨ (BNEGA) ਅਤੇ ਕੰਮ-ਦਿਹਾੜੀ ਦੀ ਕਨੂੰਨੀ ਸੀਮਾਂ 6 ਘੰਟੇ ਦੀ ਪ੍ਰਾਪਤੀ ਲਈ ਸੰਘਰਸ਼ ਕਰੋ।”
ਜੱਗੇ ਨੇ ਉਹ ਪੈਂਫਲਟ ਕੰਧ ਤੋਂ ਬੜੇ ਧਿਆਨ ਨਾਲ ਉਤਾਰ ਲਿਆ ਅਤੇ ਉਹਨੂੰ ਤਹਿ ਕੀਤਾ ਤੇ ਆਪਣੀ ਜੇਬ ਵਿੱਚ ਪਾ ਲਿਆ। ਉਹ ਰਮਨ ਨਾਲ ਲਾਇਬਰੇਰੀ ‘ਚ ਵੜਦਿਆਂ ਕਹਿਣ ਲੱਗਾ। “ਰਮਨ ਜਾਵਾਂਗੇ ਜਿੱਥੇ ਤੂੰ ਕਹਿੰਨੀਂ ਏ, ‘ਇੱਕ-ਦਿਨ’ ਜਰੂਰ ਜਾਵਾਂਗੇ।”
Well Done Comrade..!!!
WE WILL ACHIEVE THIS DEFINITELY.
#BNEGA #WDLL6
LONG LIVE REVOLUTION
INQUILAB…ZINDABAD
LikeLike
Well Done Comrade..!!!
WE WILL ACHIEVE THIS DEFINITELY.
#BNEGA #WDLL6
LONG LIVE REVOLUTION
INQUILAB…ZINDABAD
✊✊✊✊✊✊✊✊✊
LikeLike
Well Done Comrade..!!!
WE WILL ACHIEVE THIS DEFINITELY.
#BNEGA #WDLL6
LONG LIVE REVOLUTION
INQUILAB…ZINDABAD
✊✊✊✊✊✊✊✊✊
LikeLike
ਬਹੁਤ ਸੋਹਣੀ ਦਿਲ ਤੇ ਸੋਚ ਹਲੂਣਵੀਂ ਕਹਾਣੀ।
LikeLike