ਜਾੱਨ ਰੀਡ ਦੀ ਕਿਤਾਬ ‘ਦਸ ਦਿਨ ਜਿਨ੍ਹਾਂ ਦੁਨੀਆਂ ਹਿਲਾ ਦਿੱਤੀ’ ਬਾਰੇ – ਵਰਿੰਦਰ

ਜਾੱਨ ਰੀਡ ਦੀ ਕਿਤਾਬ ਦਸ ਦਿਨ ਜਿੰਨ੍ਹਾਂ ਦੁਨੀਆਂ ਹਿਲਾ ਦਿੱਤੀ ਬਾਰੇ ਬਹੁਤਿਆਂ ਨੇ ਸੁਣਿਆ ਹੋਵੇਗਾ ਅਤੇ ਕਈਆਂ ਨੇ ਇਹ ਕਿਤਾਬ ਪੜ੍ਹੀ ਵੀ ਹੋਵੇਗੀ। 101 ਸਾਲ ਪਹਿਲਾਂ ਛਪੀ ਇਹ ਕਿਤਾਬ 103 ਸਾਲ ਪਹਿਲਾਂ ਵਾਪਰੇ ‘ਪਹਿਲੇ ਸਮਾਜਵਾਦੀ ਇਨਕਲਾਬ’ ਦਾ ਅੱਖੀਂ ਡਿਠਾ ਵਰਨਣ ਹੈ। ਖੁਦ ਲੈਨਿਨ ਇਸ ਕਿਤਾਬ ਦੀ ਭੂਮਿਕਾ ‘ਚ ਲਿਖਦੇ ਹਨ ਕਿ “ਮੈਂ ਦੁਨੀਆਂ ਦੇ ਕਿਰਤੀਆਂ ਨੂੰ ਬਿਨ੍ਹਾਂ ਸੰਕੋਚ ਇਹ ਸਲਾਹ ਦਿਆਂਗਾ ਕਿ ਉਹ ਇਹਨੂੰ ਪੜ੍ਹਨ ਇਹ ਇਕ ਅਜਿਹੀ ਕਿਤਾਬ ਹੈ ਜਿਸ ਸੰਬੰਧੀ ਮੇਰੀ ਇਛਾ ਹੈ ਕਿ ਇਹ ਲਖੂਖਾ ਦੀ ਗਿਣਤੀ ਵਿਚ ਛਪੇ ਅਤੇ ਸਭਨਾਂ ਭਾਸ਼ਾਵਾਂ ਵਿਚ ਅਨੁਵਾਦੀ ਜਾਵੇ। ਪ੍ਰੋਲੇਤਾਰੀ ਇਨਕਲਾਬ ਅਤੇ ਪ੍ਰੋਲੇਤਾਰੀ ਡਿਕਟੇਟਰੀ ਅਸਲ ਵਿੱਚ ਕੀ ਹੈ, ਇਹ ਗਲ ਸਮਝਣ ਲਈ ਜਿਹੜੀਆਂ ਘਟਨਾਵਾਂ ਏਨੀਆਂ ਮਹਤਵ-ਪੂਰਨ ਹਨ , ਉਹਨਾਂ ਦਾ ਇਸ ਕਿਤਾਬ ਵਿਚ ਸੱਚਾ ਅਤੇ ਅਤਿ-ਅੰਤ ਜਿਉਂਦਾ-ਜਾਗਦਾ ਚਿਤਰ ਪੇਸ਼ ਕੀਤਾ ਗਿਆ ਹੈ। ਅਜ ਇਹਨਾਂ ਸਮਸਿਆਵਾਂ ਦੀ ਵਿਆਪਕ ਚਰਚਾ ਹੋ ਰਹੀ ਹੈ , ਪਰ ਇਸ ਤੋਂ ਪਹਿਲਾਂ ਕਿ ਕੋਈ ਮਨੁਖ ਇਹਨਾਂ ਵਿਚਾਰਾਂ ਨੂੰ ਅਪਣਾਏ ਜਾਂ ਠੁਕਰਾਏ , ਉਹਨੂੰ ਆਪਣੇ ਫੈਸਲੇ ਦੇ ਪੂਰੇ ਮਹਤਵ ਨੂੰ ਸਮਝਣਾ ਹੋਵੇਗਾ। ਜਾਨ ਰੀਡ ਦੀ ਪੁਸਤਕ ਇਸ ਸਵਾਲ ਨੂੰ ਹਲ ਕਰਨ ਵਿਚ ਨਿਸ਼ਚੇ ਹੀ ਸਹਾਇਤਾ ਦੇਵੇਗੀ, ਜਿਹੜਾ ਕੌਮਾਂਤਰੀ ਕਿਰਤੀ ਲਹਿਰ ਦੀ ਬੁਨਿਆਦੀ ਸਮਸਿਆ ਹੈ।”

ਇਹ ਕਿਤਾਬ ਜਿੱਥੇ ਅਕਤੂਬਰ ਇਨਕਲਾਬ ਨਾਲ ਸੰਬੰਧਤ ਘਟਨਾਵਾਂ ਦਾ ਬੇਜੋੜ ਦ੍ਰਿਸ਼ ਪੇਸ਼ ਕਰਦੀ ਹੈ, ਉਥੇ ਹੀ ਇਹ ਜਾੱਨ ਰੀਡ ਦੀ ਬਾਕਮਾਲ ਲੇਖਣੀ ਅਤੇ ਘਟਨਾਵਾਂ ਨੂੰ ਬੜੀ ਬਰੀਕੀ ਨਾਲ ਜਾਂਚਣ-ਪਰਖਣ ਦੀ ਪ੍ਰਤਿਭਾ, ਹਰ ਥਾਂ ਮੂਜੌਦ ਹੋਣ ਦੀ ਕੋਸ਼ਿਸ਼, ਅਦਭੁੱਤ ਖੋਜ-ਬਿਰਤੀ, ਘਟਨਾਵਾਂ ਨੂੰ ਬਿਆਨ ਕਰਨ ਦੇ ਜਬਰਦਸਤ ਹੁਨਰ ਦਾ ਸ਼ਾਨਦਾਰ ਨਮੂਨਾ ਹੈ। ਪਰ ਇਸ ਸਭ ਤੋਂ ਵੀ ਵਧੇਰੇ ਇਸ ਕਿਤਾਬ ਦੀ ਮਹੱਤਤਾ ਨੂੰ ਜਿਹੜੀ ਗੱਲ ਸਿਖਰਾਂ ‘ਤੇ ਪਹੁੰਚਾਉਂਦੀ ਹੈ। ਉਹਨੂੰ ਕਿਤਾਬ ਦੀ ਭੁਮਿਕਾ ਵਿੱਚ ਕਰੁਪਸਕਾਇਆ ਇੰਝ ਲਿਖਦੇ ਹਨ।

“ਜੇ ਜਾਨ ਰੀਡ ਅਜਿਹੀ ਕਿਤਾਬ ਲਿਖ ਸਕਿਆ ਤਾਂ ਇਹਦਾ ਕਾਰਨ ਇਹ ਹੈ ਕਿ ਉਹ ਆਪ ਇਕ ਪਾਸੇ ਬੈਠਾ ਦਰਸ਼ਕ ਜਾਂ ਬਲਾਗ ਮਨੁਖ ਨਹੀਂ ਸੀ ਸਗੋਂ ਇਕ । ਜੋਸ਼ੀਲਾ ਇਨਕਲਾਬੀ ਸੀ, ਕਮਿਊਨਿਸਟ ਸੀ, ਜਿਸਨੇ ਘਟਨਾਵਾਂ ਦੇ ਅਰਥ ਨੂੰ . ਮਹਾਨ ਘੋਲ ਦੇ ਅਰਥ ਨੂੰ ਸਮਝਿਆ। ਇਸ ਸਮਝ ਨੇ ਹੀ ਉਹਨੂੰ ਉਹ ਤੇਜ਼ ਨਿਗਾਹ ਦਿਤੀ, ਜਿਸ ਤੋਂ ਬਿਨਾਂ ਅਜਿਹੀ ਕਿਤਾਬ ਕਦੇ ਲਿਖੀ ਨਹੀਂ ਸੀ ਜਾ ਸਕਦੀ।”

ਇਹ ਕਿਤਾਬ ਕੀ ਹੈ ਅਤੇ ਇਹਨੂੰ ਕਿਉਂ ਪੜ੍ਹਨਾਂ ਚਾਹੀਦਾ ਹੈ ਇਹ ਸਾਡੀ ਇਸ ਛੋਟੀ ਜਿਹੀ ਵਾਰਤਾ ਦਾ ਵਿਸ਼ਾ ਨਹੀਂ, ਸਗੋਂ ਇਥੇ ਤਾਂ ਸਿਰਫ ਇੰਨਾਂ ਕਿਹਾ ਜਾ ਸਕਦਾ ਹੈ ਕਿ ਇਸ ਕਿਤਾਬ ਨੂੰ ਜੇ ਕਿਸੇ ਨਹੀਂ ਪੜ੍ਹਿਆ ਤਾਂ ਉਹ ਨਾ ਸਿਰਫ ਇਨਕਲਾਬ ਦੇ ਉਹਨਾਂ ਦਿਨਾਂ ਦੇ ਇਤਿਹਾਸ ਤੋਂ ਹੀ ਅਜੇ ਵਿਰਵਾ ਹੈ। ਸਗੋਂ ਸੋਵੀਅਤ ਰੂਸ ਦੀ ਸਥਾਪਨਾ ਲਈ ਜਿਹੜੇ ਦਾਅ-ਪੇਚ ਬਾਲਸ਼ਵਿਕਾਂ ਅਤੇ ਖਾਸ ਕਰ ਲੈਨਿਨ ਨੇ ਵਰਤੇ ਉਹਨਾਂ ਨੂੰ ਸਮਝ ਦਾ ਮੌਕਾ ਵੀ ਅਜੇ ਤੱਕ ਉਹਨੂੰ ਨਹੀਂ ਮਿਲਿਆ।

ਲੈਨਿਨ ਆਪਣੀ ਕਿਤਾਬ ‘ਰਾਜ ਅਤੇ ਇਨਕਲਾਬ’ ਦੇ ‘ਪਹਿਲੇ ਸੰਸਕਰਨ ਦੀ ਉਪਰੰਤ ਲਿਖਤ’ ਵਿੱਚ ਲਿਖਦੇ ਹਨ, ਕਿ ਜਦੋਂ ਉਹ ਇਸ ਕਿਤਾਬ ਦਾ ਸੱਤਵਾਂ ਕਾਂਡ ‘1905 ਅਤੇ 1917 ਦੇ ਇਨਕਲਾਬਾਂ ਦਾ ਤਜਰਬਾ’ ਲਿਖ ਰਹੇ ਸਨ ਤਾਂ ਉਦੋਂ ਉਹਨਾਂ ਨੂੰ “ਰਾਜਸੀ ਸੰਕਟ ਨੇ – 1917 ਦੇ ਅਕਤੂਬਰ (ਨਵੰਬਰ) ਇਨਕਲਾਬ ਤੋਂ ਝੱਟ ਪਹਿਲਾਂ – ‘ਰੋਕ’ ਦਿੱਤਾ। ਇਸ ਕਿਸਮ ਦੀ ਰੋਕ ਦਾ ਕੇਵਲ ਸੁਆਗਤ ਹੀ ਕੀਤਾ ਜਾ ਸਕਦਾ ਹੈ” ਜਿਸ ਕਰਕੇ ਉਹਨਾਂ ਨੇ ਇਸ ਭਾਗ ਨੂੰ ਮੁਕੰਮਲ ਕਰਨ ਦੇ ਕੰਮ ਨੂੰ ਲੰਮੇ ਸਮੇਂ ਲਈ ਅੱਗੇ ਪਾਉਣ ਦੀ ਗੱਲ ਕੀਤੀ ਅਤੇ ਲਿਖਿਆ ਕਿ “ਇਨਕਲਾਬ ਦੇ ਤਜਰਬੇ ਵਿੱਚੀਂ ਲੰਘਣਾ ਵਧੇਰੇ ਅਨੰਦਦਾਇਕ ਅਤੇ ਲਾਭਕਾਰੀ ਹੈ।”

ਜੇ ਕੋਈ ਲੈਨਿਨ ਦੀ ਉਪਰੋਕਤ ਕਿਤਾਬ ਨੂੰ ਪੜਕੇ ਜਾੱਨ ਰੀਡ ਦੀ ਇਹ ਕਿਤਾਬ ਪੜ੍ਹੇ ਤਾਂ 1917 ਦੇ ਇਨਕਲਾਬ ਦੇ ਜਿਸ ਤਜਰਬੇ ਦੇ ਜਿਸ ਨਜਾਰੇ ਬਾਰੇ ਲੈਨਿਨ ਗੱਲ ਕਰ ਰਹੇ ਹਨ ਉਹਨੂੰ  ਉਹ ‘ਦਸ ਦਿਨ ਜਿੰਨਾਂ ਦੁਨਿਆਂ ਹਿਲਾ ਦਿੱਤੀ’ ਵਿੱਚੋਂ ਜਾੱਨ ਰੀਡ ਦੀ ਜੁਬਾਨੀ ਪ੍ਰਾਪਤ ਕਰ ਸਕਦੇ ਹੈ।

ਜਾੱਨ ਰੀਡ ਦੀ ਪ੍ਰਤਿਭਾ ਬਾਰੇ ਸਿਰਫ ਇਹ ਗੱਲਾਂ ਕਰਨਾ ਹੀ ਕਾਫੀ ਨਹੀਂ ਜਦੋਂ ਕੋਈ ਇਹ ਕਿਤਾਬ ਪੜ੍ਹਦਾ ਹੈ ਤਾਂ ਪਤਾ ਲੱਗਦਾ ਹੈ ਕਿ ਉਹ ਜਿਵੇਂ ਇਸ ਕਿਤਾਬ ਦੇ ਕੁਝ ਕੁ ਦਿਨਾਂ ਦੇ ਹੀ ਪਿੱਠ-ਕਾਲ ਦੌਰਾਨ ਹੀ ਇਹਦੀ ਸਮੱਗਰੀ ਨੋਟ ਕਰਦਾ ਹੈ, ਜੋ ਕਿ ਬੇਜੋੜ ਮਿਹਨਤ ਅਤੇ ਸਮਰਪਣ ਨਾਲ ਹੀ ਕੀਤਾ ਜਾ ਸਕਦਾ ਹੈ। ਉਹ ਕਦੀ ਸਮੋਲਿਨੀ ‘ਚ ਹੁੰਦਾ ਹੈ। ਜਿੱਥੇ ਕਿਰਤੀਆਂ ਅਤੇ ਫੌਜੀਆਂ ਦੀਆਂ ਸੋਵੀਅਤਾਂ ਦੀ ਦੂਜੀ-ਕੁੱਲ ਰੂਸ ਕਾਂਗਰਸ ਚੱਲ ਰਹੀ ਸੀ, ਕਦੀ ਉਹ ਪੀਤਰੋਗਰਾਦ ਦੇ ਦੂਮਾ ਵਿੱਚ ਹੁੰਦਾ ਹੈ ਜਿੱਥੇ ਉਲਟ-ਇਨਕਲਾਬੀ ਆਪਣੇ ਸਾਜਸ਼ੀ ਮਨਸੂਬਿਆਂ ਨੂੰ ਇੱਕ-ਮੁਠ ਕਰ ਰਹੇ ਸਨ। ਕਦੀ ਉਹ ਸਿਆਲ-ਮਹਿਲ ਦਾ ਮੁਆਇਨਾ ਕਰ ਰਿਹਾ ਹੁੰਦਾ ਹੈ ਅਤੇ ਕਦੀ ਰਾਤ ਨੂੰ ਸ਼ਹਿਰ ਵਿੱਚ ਪਰਚੇ ਵੰਡਣ ਜਾਂਦੀ ਟਰੱਕ ਵਿੱਚ ਜਹਾਜ਼ੀਆਂ ਨਾਲ ਸ਼ਹਿਰ ਦਾ ਗੇੜਾ ਮਾਰ ਰਿਹਾ ਹੁੰਦਾ ਹੈ। ਉਹ ਕਦੀ ਰੇਲਵੇ ਸਟੇਸ਼ਨ ਦੀ ਘਟਨਾਵਾਂ ਵੇਖ ਰਿਹਾ ਹੁੰਦਾ ਅਤੇ ਕਦੀ ਟੈਲੀਫੂਨ ਐਕਸਚੇਂਜ ਦੀਆਂ। ਕਦੀ ਉਹ ਪੀਤਰੋਗਰਾਦ ਛੱਡ ਕੇ ਮਾਸਕੋ ਦਾ ਜਾਇਜਾ ਲੈਣ ਜਾਂਦਾ ਹੈ ਅਤੇ ਕਦੀਂ ਕਿਸੇ ਫੌਜੀ ਮੋਰਚੇ ਦਾ ਜਿੱਥੇ ਇਨਕਲਾਬੀ ਫੌਜਾਂ, ਉਲਟ-ਇਨਕਲਾਬੀਆਂ ਨੂੰ ਪਛਾੜ ਰਹੀਆਂ ਸਨ ਅਤੇ ਜਿੱਥੇ ਉਹ ਨਹੀਂ ਸੀ ਹੁੰਦਾ। ਉਹਦੇ ਬਾਰੇ ਉਹ ਹਰ ਰਸਾਲਾ, ਹਰ ਇਸ਼ਤਿਹਾਰ, ਹਰ ਪਰਚਾ ਇੱਕਠਾ ਕਰਦਾ। ਜਾੱਨ ਰੀਡ ਦਾ ਇੱਕ ਮਿੱਤਰ ਅਲਬਰਟ ਵਿਲੀਅਮਸ ਲਿਖਦਾ ਹੈ ਕਿ “ਉਹਨੂੰ ਜਿਥੋਂ ਕਿਧਰੇ ਸਮਿਗਰੀ ਮਿਲਦੀ ਉਹ ਇਕੱਠੀ ਕਰਦਾ। ਉਹਨੇ ਪ੍ਰਾਵਦਾ ਅਤੇ ਇਜ਼ਵੇਸਤੀਆ ਦੀਆਂ ਮੁਕੰਮਲ ਫਾਇਲਾਂ ਇੱਕਠੀਆਂ ਕੀਤੀਆਂ, ਸਾਰੇ ਬਿਆਨ, ਕਿਤਾਬਚੇ, ਪੋਸਟਰ ਅਤੇ ਐਲਾਨ। ਇਸ਼ਤਿਹਾਰਾਂ ਦਾ ਉਹ ਬਹੁਤ ਸ਼ੌਕੀਨ ਸੀ। ਜਦੋਂ ਕਦੇ ਕੋਈ ਨਵਾਂ ਇਸ਼ਤਿਹਾਰ ਲਗਦਾ, ਜੇ ਉਹਨੂੰ ਪ੍ਰਾਪਤ ਕਰਨ ਦਾ ਹੋਰ ਕੋਈ ਸਾਧਨ ਨਾ ਹੁੰਦਾ ਤਾਂ ਉਹ ਇਹਨੂੰ ਕੰਧ ਤੋਂ ਲਾਹ ਲਿਆਉਂਦਾ।

ਉਹਨੀਂ ਦਿਨੀਂ ਇਸ਼ਤਿਹਾਰ ਏਨੀਂ ਤੇਜੀ ਨਾਲ ਅਤੇ ਏਨੀਂ ਮਾਤਰਾ ਵਿੱਚ ਛਾਪੇ ਜਾਂਦੇ ਸਨ ਕਿ ਉਹਨਾਂ ਲਈ ਕੰਧਾਂ ਉੱਤੇ ਥਾਂ ਨਾ ਰਹਿੰਦੀ। ਕੈਡੇਟ, ਸ਼ੋਸ਼ਲ-ਇਨਲਾਬੀ, ਮੈਨਸ਼ਵਿਕ, ਖੱਬ-ਪੱਖੀ ਸੋਸ਼ਲਿਸਟ-ਇਨਕਲਾਬੀ ਅਤੇ ਬਾਲਸ਼ਵਿਕ ਇਸ਼ਤਿਹਾਰ ਇੱਕ ਦੂਜੇ ਦੇ ਉਪਰ ਲਾ ਦਿੱਤੇ ਜਾਂਦੇ ਸਨ। ਇੱਕ ਦਿਨ ਰੀਡ ਇੱਕ-ਦੂਜੇ ਦੇ ਉੱਪਰ ਲੱਗੇ 16 ਇਸ਼ਤਿਹਾਰਾਂ ਦੀ ਦੱਥੀ ਲਾਹ ਲਿਆਇਆ। ਮੇਰੇ ਕਮਰੇ ਵੱਲ ਨੱਠਦੇ ਅਤੇ ਕਾਗਜ ਦੀ ਉਹ ਵੱਡੀ ਦੱਥੀ ਵਿਖਾਉਂਦੇ ਹੋਏ, ਉਹਨੇ ਉੱਚੀ-ਉੱਚੀ ਕਿਹਾ: “ਵੇਖ! ਸਾਰਾ ਇਨਕਲਾਬ ਅਤੇ ਉਲਟ ਇਨਕਲਾਬ ਮੈਂ ਇੱਕੋ ਵਾਰ ਵਿੱਚ ਲਾਹ ਲਿਆਇਆਂ।”

ਰੀਡ ਅਮਰੀਕਾ ਵਿੱਚ ਰਹਿੰਦਿਆਂ ਕਾਲਜ ਦੇ ਦਿਨਾਂ ਤੋਂ ਹੀ ਇੱਕ ਸਮਰਪਤ ਕਮਿਊਨਿਸਟ ਸੀ ਅਤੇ ਇਹ ਉਹਦਾ ਅਤਿ ਦਾ ਚੁਸਤ ਚਲਾਕ ਹੋਣਾਂ ਹੀ ਸੀ ਜਿਸ ਕਰਕੇ ਇਹ ਅਨਮੁੱਲਾ ਦਸਤਾਵੇਜ ਛਪਿਆ ਅਤੇ ਸਾਡੇ ਤੱਕ ਪਹੁੰਚ ਸਕਿਆ ਨਹੀਂ ਤਾਂ ਅਮਰੀਕਾ ਵਾਪਸ ਜਾਂਦਿਆਂ ਉਹਦੀ ਇਸ ਕਿਤਾਬ ਸੰਬੰਧੀ ਸਮੱਗਰੀ ਦੀਆਂ ਮੋਟੀਆਂ-ਮੋਟੀਆਂ ਫਾਈਲਾਂ ਕਸਟਮ ਵਾਲਿਆਂ ਫੜ ਲਈਆਂ ਅਤੇ ਉਹਨੂੰ ਇਹ ਅੱਗੇ ਲਿਜਾਣ ਦੀ ਆਗਿਆ ਤੋਂ ਇਨਕਾਰੀ ਸਨ। ਪਰ ਰੀਡ ਨੇ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਪ੍ਰਾਪਤ ਕੀਤਾ ਅਤੇ ‘ਵਿਲੀਅਮਸ’ ਅਨੁਸਾਰ ਉਸ ਕਮਰੇ ਵਿੱਚ ਲਕੋ ਦਿੱਤਾ ਜਿੱਥੇ ਉਹਨੇ ਇਸ ਕਿਤਾਬ ਦਾ ਖਰੜਾ ਤਿਆਰ ਕੀਤਾ। ਇਥੇ ਹੀ ਬਸ ਨਹੀਂ ਇਹ ਇਹ ਕਿਤਾਬ ਅਮਰੀਕਾ ਦੀ ਸਰਮਾਇਦਾਰੀ ਨੂੰ ਇੰਨੀ ਰੜਕ ਰਹੀ ਸੀ ਕਿ ਇਹਦਾ ਖਰੜਾ ਨਸ਼ਟ ਕਰਨ ਲਈ ਪ੍ਰਕਾਸ਼ਕ ਦੇ ਦਫਤਰ ਉੱਤੇ ਛੇ ਵਾਰ ਹਮਲਾ ਕੀਤਾ ਗਿਆ। ਪਰ ਇਹਨਾਂ ਸਭ ਮੁਸ਼ਕਲਾਂ ਦੇ ਬਾਵਜੂਦ ਜਾੱਨ ਰੀਡ ਦੀ ਇਹ ਅਨਮੋਲ ਰਚਨਾ 1919 ਵਿੱਚ ਅੰਗਰੇਜੀ ਵਿੱਚ ਛਪੀ ਅਤੇ ਹੁਣ ਤੱਕ ਇਹ ਇਨਕਲਾਬ ਲਈ ਜੂਝਣ ਵਾਲੇ ਹਰੇਕ ਇਨਸਾਨ ਲਈ ਪਿਆਰੀ ਹੈ ਅਤੇ ਹਰ-ਇੱਕ ਇਹਨੂੰ ਪੜ੍ਹ ਕੇ ਇਨਕਲਾਬ ਘਾੜਿਆਂ ਦੀ ‘ਕਲਾ’ ਨੂੰ ਸਲਾਮ ਕਰਦਾ ਹੈ।

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s